ਫਰਜੀ ਪੱਤਰਕਾਰ ਬਣ ਕੇ ਲੋਕਾਂ ਨਾਲ ਮਾਰਦੇ ਸੀ ਠੱਗੀਆਂ, ਪੁਲਿਸ ਨੇ ਕੀਤੇ ਕਾਬੂ ਜਲੰਧਰ: ਜਲੰਧਰ ਪੁਲਿਸ ਨੇ ਖੁੱਦ ਨੂੰ ਸਰਕਾਰੀ ਅਫਸਰ ਦੱਸ ਕੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਚਾਰ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਨੀ ਮਹਿੰਦਰੂ, ਅਜੈ ਕੁਮਾਰ, ਮਿਸ਼ਟੀ ਤੇ ਮਨਪ੍ਰੀਤ ਵੱਜੋਂ ਹੋਈ ਹੈ ਜੋ ਜਲੰਧਰ ਦੇ ਰਹਿਣ ਵਾਲੇ ਹਨ। ਇਹ ਆਪਣੇ ਆਪ ਨੂੰ ਨਗਰ ਨਿਗਮ ਦੇ ਅਫਸਰ ਦੱਸ ਕੇ ਬਿਲਡਿੰਗ ਮਲਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਦੱਸ ਦਈਏ ਕਿ ਇਨ੍ਹਾਂ ਵਿੱਚੋਂ ਕੁਝ ਲੋਕ ਜਾਅਲੀ ਪੱਤਰਕਾਰ ਵੀ ਹਨ ਅਤੇ ਆਪਣਾ ਵੈੱਬ ਪੋਰਟਲ ਵੀ ਚਲਾਉਂਦੇ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਰਕਾਰੀ ਅਫਸਰ ਦੱਸ ਕੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਚਾਰ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਸੀ ਕਿ ਇਨ੍ਹਾਂ ਚਾਰਾਂ ਨੇ ਆਪਣੇ ਆਪ ਨੂੰ ਨਗਰ ਨਿਗਮ ਜਲੰਧਰ ਦਾ ਫੀਲਡ ਅਫਸਰ ਦੱਸ ਕੇ ਉਸ ਦੇ ਨਿਰਮਾਣ ਅਧੀਨ ਘਰ ਦਾ ਦੌਰਾ ਕੀਤਾ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਠੱਗਾਂ ਨੇ ਚਤਰ ਸਿੰਘ ਨੂੰ ਕਿਹਾ ਸੀ ਕਿ ਇਮਾਰਤ ਦੀ ਉਸਾਰੀ ਲਈ ਕੋਈ ਮਨਜ਼ੂਰੀ ਨਹੀਂ ਹੈ ਅਤੇ ਇਸ ਨੂੰ ਢਾਹੁਣ ਦੀਆਂ ਧਮਕੀਆਂ ਵੀ ਦਿੱਤੀਆਂ ਹਨ।
ਜਾਅਲੀ ਪੱਤਰਕਾਰਾਂ ਨੇ ਮੰਗੇ ਪੈਸੇ : ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਉਦੋਂ ਬਿਲਡਿੰਗ ਮਾਲਕ ਤੋਂ 10,000 ਰੁਪਏ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ 5000 ਰੁਪਏ ਦਿੱਤੇ ਸਨ। ਹਾਲਾਂਕਿ, ਉਸ ਨੇ ਕਿਹਾ ਕਿ ਸ਼ੁਰੂਆਤੀ ਅਦਾਇਗੀ ਤੋਂ ਬਾਅਦ ਬਿਲਡਿੰਗ ਮਾਲਕ ਨੂੰ ਧੋਖੇਬਾਜ਼ਾਂ ਦੇ ਚਾਲ-ਚਲਣ ਬਾਰੇ ਸ਼ੱਕ ਹੋਇਆ, ਜਿਸ ਕਾਰਨ ਉਸ ਨੇ ਤੁਰੰਤ ਈਆਰਐਸ ਟੀਮ ਅਤੇ ਪੁਲਿਸ ਨੂੰ ਬੁਲਾਇਆ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਫੋਰਸ ਨੇ ਤੇਜ਼ੀ ਨਾਲ ਚਾਰ ਮੈਂਬਰੀ ਗਿਰੋਹ ਨੇੜੇ ਲਾਰੈਂਸ ਸਕੂਲ ਤੋਂ ਕਾਬੂ ਕਰ ਲਿਆ ਹੈ ।
ਪੁਲਿਸ ਵੱਲੋਂ ਕੀਤੀ ਜਾਵੇਗੀ ਸਖਤ ਕਾਰਵਾਈ : ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਐਫਆਈਆਰ/ਮੁਕੱਦਮਾ 43 ਮਿਤੀ 08-02-2024 ਅਧੀਨ 384,419,420,34 ਆਈਪੀਸੀ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗਰੋਹ ਦਾ ਵੱਖ-ਵੱਖ ਵਿਭਾਗੀ ਮੁਲਾਜ਼ਮ ਬਣ ਕੇ ਠੱਗੀ ਕਰਨ ਦਾ ਪਿਛੋਕੜ ਰਿਹਾ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।