ਗੈਂਗਸਟਰ ਜੱਗੂ ਦਾ ਸਾਥੀ ਗ੍ਰਿਫ਼ਤਾਰ (ETV BHARAT) ਜਲੰਧਰ: ਪੰਜਾਬ 'ਚ ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ ਪੁਲਿਸ ਦਿਨ ਰਾਤ ਇੱਕ ਕਰ ਰਹੀ ਹੈ। ਇਸ ਦੇ ਚੱਲਦੇ ਕਈ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਚੁੱਕਿਆ ਹੈ ਤੇ ਰਹਿੰਦੇ ਗੈਂਗਸਟਰਾਂ 'ਤੇ ਨੱਥ ਪਾਈ ਜਾ ਰਹੀ ਹੈ। ਇਸ ਦੇ ਚੱਲਦੇ ਜਲੰਧਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਉਨ੍ਹਾਂ ਵਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸੱਜਾ ਹੱਥ ਮੰਨੇ ਜਾਂਦੇ ਗੈਂਗਸਟਰ ਕਨੂੰ ਗੁੱਜਰ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ।
ਕਈ ਮਾਮਲਿਆਂ 'ਚ ਲੋੜੀਂਦਾ ਸੀ ਮੁਲਜ਼ਮ:ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਕਤਲ, ਫਿਰੌਤੀ ਅਤੇ ਲੁੱਟ-ਖੋਹ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਜਲੰਧਰ ਸਿਟੀ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ, ਜਿਸ 'ਚ ਦੋਵਾਂ ਪਾਸਿਆਂ ਤੋਂ 9 ਦੇ ਕਰੀਬ ਗੋਲੀਆਂ ਚੱਲੀਆਂ। ਜਿਸ ਵਿੱਚ ਗੈਂਗਸਟਰ ਕਨੂੰ ਗੁੱਜਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਮੌਕੇ ’ਤੇ ਮੁਲਜ਼ਮਾਂ ਕੋਲੋਂ 2 ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ।
ਪੁਲਿਸ 'ਤੇ ਕੀਤੀ ਫਾਇਰਿੰਗ: ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਨੁਸਾਰ ਮੁਲਜ਼ਮ ਨੇ ਸੀਆਈਏ ਪੁਲਿਸ ਪਾਰਟੀ ’ਤੇ ਸਿੱਧੀ ਫਾਇਰਿੰਗ ਕੀਤੀ ਸੀ। ਗਨੀਮਤ ਇਹ ਰਹੀ ਕਿ ਪੁਲਿਸ ਪਾਰਟੀ ਨੂੰ ਕੋਈ ਗੋਲੀ ਨਹੀਂ ਲੱਗੀ। ਫਿਰ ਸਿਟੀ ਪੁਲਿਸ ਦੇ ਸੀਆਈਏ ਸਟਾਫ਼ ਦੀ ਟੀਮ ਨੇ ਜਵਾਬੀ ਕਾਰਵਾਈ ਕੀਤੀ। ਜਿਸ ਵਿੱਚ ਕਨੂੰ ਗੁੱਜਰ ਨੂੰ ਪੰਜ ਗੋਲੀਆਂ ਲੱਗੀਆਂ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀਆਂ ਲੱਤਾਂ, ਢਿੱਡ ਅਤੇ ਪਿੱਠ 'ਤੇ ਗੋਲੀਆਂ ਲੱਗੀਆਂ ਹਨ।
"ਇਹ ਗ੍ਰਿਫਤਾਰੀ ਅਤੇ ਹਥਿਆਰਾਂ ਦੀ ਬਰਾਮਦਗੀ ਜੱਗੂ ਭਗਵਾਨਪੁਰੀਆ ਗੈਂਗ ਲਈ ਇੱਕ ਵੱਡਾ ਝਟਕਾ ਹੈ ਅਤੇ ਜਲੰਧਰ ਪੁਲਿਸ ਲਈ ਇੱਕ ਵੱਡੀ ਪ੍ਰਾਪਤੀ ਹੈ। ਅਸੀਂ ਅਪਰਾਧਿਕ ਨੈਟਵਰਕ ਨੂੰ ਖਤਮ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਾਂਗੇ।"- ਸਵਪਨ ਸ਼ਰਮਾ, ਪੁਲਿਸ ਕਮਿਸ਼ਨਰ, ਜਲੰਧਰ।
ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ:ਜ਼ਖ਼ਮੀ ਹੋਣ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਬਰਾਮਦਗੀ 'ਚ ਦੋ ਹਥਿਆਰ ਬਰਾਮਦ ਹੋਏ ਸੀ ਤੇ ਬਾਅਦ ਦੀਆਂ ਖੋਜਾਂ ਵਿੱਚ ਜ਼ਬਤ ਕੀਤੇ ਗਏ ਵਾਧੂ 6 ਹਥਿਆਰਾਂ ਦੇ ਨਾਲ, ਕੁੱਲ ਬਰਾਮਦ ਕੀਤੇ ਗਏ ਹਥਿਆਰਾਂ ਦੀ ਗਿਣਤੀ 8 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਹਥਿਆਰਾਂ ਵਿੱਚ 8 ਪਿਸਤੌਲ, 55 ਰੌਂਦ ਅਤੇ 8 ਕਾਰਤੂਸ ਸ਼ਾਮਲ ਹਨ
ਪਹਿਲਾਂ ਵੀ ਜੱਗੂ ਗੈਂਗ ਦੇ ਕਈ ਮੈਂਬਰ ਗ੍ਰਿਫ਼ਤਾਰ: ਇਸ ਦੇ ਨਾਲ ਹੀ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕੰਨੂ ਗੁੱਜਰ ਖਿਲਾਫ ਪਹਿਲਾਂ ਹੀ 8 ਐਫਆਈਆਰ ਦਰਜ ਹਨ। ਉਨ੍ਹਾਂ ਕਿਹਾ ਕਿ ਇਸ ਗ੍ਰਿਫਤਾਰੀ ਨਾਲ ਇਸ ਗਿਰੋਹ ਦੇ ਕੁੱਲ 10 ਸਾਥੀਆਂ ਦੀ ਗ੍ਰਿਫ਼ਤਾਰੀ ਅਤੇ ਕੁੱਲ 16 ਹਥਿਆਰਾਂ ਦੀ ਬਰਾਮਦਗੀ ਹੋਈ ਹੈ। ਇਹ ਮੁਕਾਬਲਾ ਸੀਆਈਏ ਸਟਾਫ਼ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਦੀ ਟੀਮ ਵੱਲੋਂ ਕੀਤਾ ਗਿਆ। ਜਲਦੀ ਹੀ ਪੁਲਿਸ ਵੱਲੋਂ ਮੁਕਾਬਲੇ ਸਬੰਧੀ ਸਦਰ ਥਾਣੇ ਵਿੱਚ ਵੱਖਰੀ ਐਫਆਈਆਰ ਦਰਜ ਕੀਤੀ ਜਾਵੇਗੀ।
ਹਥਿਆਰਾਂ ਦੀ ਬਰਾਮਦਗੀ ਦੌਰਾਨ ਚਲਾਈ ਗੋਲੀ:ਉਥੇ ਹੀ ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਕਤ ਮੁਲਜ਼ਮਾਂ ਨੇ ਜਲੰਧਰ 'ਚ ਹਥਿਆਰ ਲੁਕਾਏ ਹੋਏ ਸਨ। ਗ੍ਰਿਫ਼ਤਾਰੀ ਤੋਂ ਬਾਅਦ ਸੀਆਈਏ ਸਟਾਫ਼ ਦੀ ਟੀਮ ਤੁਰੰਤ ਮੁਲਜ਼ਮ ਨੂੰ ਜਲੰਧਰ ਦੇ 66 ਫੁੱਟ ਰੋਡ ’ਤੇ ਲੈਕੇ ਆਈ। ਜਿੱਥੇ ਮੁਲਜ਼ਮ ਨੇ ਦੱਸਿਆ ਕਿ ਉਸ ਦੇ ਹਥਿਆਰ ਉੱਥੇ ਪਏ ਸਨ। ਜਦੋਂ ਪੁਲਿਸ ਮੁਲਜ਼ਮਾਂ ਨੂੰ ਲੈ ਕੇ ਉਥੇ ਪੁੱਜੀ ਤਾਂ ਮੁਲਜ਼ਮ ਅਤੇ ਪੁਲਿਸ ਵਿਚਾਲੇ ਹੱਥੋਪਾਈ ਹੋ ਗਈ ਤੇ ਮੁਲਜ਼ਮ ਨੇ ਗੋਲੀ ਚਲਾ ਦਿੱਤੀ।