ਲੁਧਿਆਣਾ:ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਬੀਤੀ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕੁਝ ਪੁਲਿਸ ਮੁਲਾਜ਼ਮਾਂ ਨੇ ਨਸ਼ੇ ਵਿੱਚ ਡਿਵਾਈਡਰ ਉੱਤੇ ਕਾਰ ਚਾੜ੍ਹ ਦਿੱਤੀ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਪੁੱਛਿਆ ਤਾਂ ਉਹ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਸਨ। ਜਿਸ ਤੋਂ ਬਾਅਦ ਸੀਨੀਅਰ ਅਫਸਰ ਮੌਕੇ ਉੱਤੇ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਮੈਡੀਕਲ ਕਰਵਾਇਆ ਜਾਵੇਗਾ ਉਸ ਤੋਂ ਬਾਅਦ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਵੀ ਇਹ ਗੱਲ ਲਿਆਂਦੀ ਜਾਵੇਗੀ।
ਨਸ਼ੇ ਦੀ ਹਾਲਤ ’ਚ ਪੁਲਿਸ ਮੁਲਾਜ਼ਮਾਂ ਵੱਲੋਂ ਹੰਗਾਮਾ ! (Etv Bharat) ਪੁਲਿਸ ਮੁਲਾਜ਼ਮਾਂ ਨੇ ਕੀਤਾ ਹੰਗਾਮਾ
ਇਹ ਹੰਗਾਮਾ ਦੇਖ ਬਹੁਤ ਸਾਰੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਕੁਝ ਹੋਰ ਮੁਲਾਜ਼ਮ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਖਾਈ ਦਿੱਤੇ ਅਤੇ ਉਨ੍ਹਾਂ ਦੀ ਹਾਲਤ ਵੀ ਕੁਝ ਠੀਕ ਨਹੀਂ ਲੱਗ ਰਹੀ ਸੀ। ਜਿਸ ਤੋਂ ਬਾਅਦ ਸਿਵਲ ਹਸਪਤਾਲ ਪੁਲਿਸ ਚੌਕੀ ਇੰਚਾਰਜ ਰੇਸ਼ਮ ਨਿਰੰਜਨ ਸਿੰਘ ਅਤੇ ਗੁਰਦੀਪ ਸਿੰਘ ਦਾ ਮੈਡੀਕਲ ਕਰਵਾਉਣ ਦੇ ਲਈ ਐੱਸਐੱਚਓ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ। ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਉੱਥੇ ਮੌਜੂਦ ਸਨ ਜਿਨ੍ਹਾਂ ਦੀ ਡਿਊਟੀ ਵੀ ਉੱਥੇ ਨਹੀਂ ਸੀ।
ਕਾਰ ਡਿਵਾਈਡਰ ਉੱਤੇ ਚੜ੍ਹਾਉਣ ਤੋਂ ਬਾਅਦ ਪੁਲਿਸ ਮੁਲਾਜ਼ਮ ਮੀਡੀਆ ਕਰਮੀਆਂ ਦੇ ਨਾਲ ਬਹਿਸ ਕਰਦੇ ਨਜ਼ਰ ਆਏ। ਪੁਲਿਸ ਮੁਲਾਜ਼ਮ ਵੀ ਆਪਣੇ ਸਾਥੀਆਂ ਦਾ ਬਚਾਅ ਕਰਦੇ ਹੋਏ ਨਜ਼ਰ ਆਏ ਤੇ ਪੱਤਰਕਾਰਾਂ ਦੇ ਸਵਾਲਾਂ ਤੋਂ ਵੀ ਉਹ ਬਚਦੇ ਹੋਏ ਨਜ਼ਰ ਆਏ। ਡਿਵੀਜ਼ਨ ਨੰਬਰ 2 ਦੇ ਐੱਸਐੱਚਓ ਗੁਰਜੀਤ ਸਿੰਘ ਨੇ ਪੂਰੇ ਘਟਨਾ ਕਰਮ ਦੀ ਜਾਣਕਾਰੀ ਲਈ ਹੈ ਅਤੇ ਸਾਰਿਆਂ ਨੂੰ ਮੌਕੇ ਉੱਤੇ ਬੁਲਾ ਮੈਡੀਕਲ ਕਰਵਾਇਆ ਹੈ। ਇਸ ਪੂਰੇ ਮਾਮਲੇ ਦੀ ਪੁਲਿਸ ਨੇ ਜਾਂਚ ਕਰਨ ਦੀ ਗੱਲ ਕਹੀ ਹੈ ਅਤੇ ਕਿਹਾ ਹੈ ਕਿ ਰਾਤ ਵੇਲੇ ਕਿਸ-ਕਿਸ ਦੀ ਡਿਊਟੀ ਸੀ ਅਤੇ ਕੌਣ ਵਾਧੂ ਪੁਲਿਸ ਮੁਲਾਜ਼ਮ ਉੱਥੇ ਸਨ ਇਸ ਸਬੰਧੀ ਵੀ ਪੂਰੀ ਰਿਪੋਰਟ ਲਈ ਜਾਵੇਗੀ।