ਜੂਨ 84 ਤੀਜਾ ਘੱਲੂਘਾਰਾ (ETV BHARAT) ਅੰਮ੍ਰਿਤਸਰ: ਜੂਨ 1984 ਘੱਲੂਘਾਰੇ ਹਫ਼ਤੇ ਦੀ ਆਰੰਭਤਾ ਅਤੇ ਸ਼ਹੀਦਾਂ ਦੀ ਯਾਦ ਵਿਚ ਅੱਜ ਜਥੇਦਾਰ ਹਵਾਰਾ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਅਟਲ ਰਾਏ ਜੀ ਵਿਖੇ ਅੱਜ 1984 ਘੱਲੂਘਾਰਾ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਅਤੇ ਹੋਰ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅੰਖਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼ਹੀਦ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿਆਸੀ ਲੀਡਰਾਂ ਨੂੰ ਵੀ ਜਿੱਤ ਤੋਂ ਬਾਅਦ ਖੁਸ਼ੀ ' ਢੋਲ ਨਾ ਵਜਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇੰਨ੍ਹਾਂ ਦਿਨਾਂ ਨੂੰ ਤੀਜੇ ਘੱਲੂਘਾਰੇ ਵਜੋਂ ਮਨਾ ਰਹੀ ਹੈ।
ਮੌਕੇ ਦੀ ਹਕੂਮਤ ਨੇ ਕਰਵਾਇਆ ਹਮਲਾ: ਇਸ ਮੌਕੇ ਗੱਲਬਾਤ ਕਰਦਿਆਂ ਭਾਈ ਮਨਜੀਤ ਸਿੰਘ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ, ਐਸਜੀਪੀਸੀ ਮੈਂਬਰ ਭਗਵੰਤ ਸਿੰਘ ਸਿਆਲਕਾ ਤੇ ਭਾਈ ਅਜੈਬ ਸਿੰਘ ਅਭਿਆਸੀ ਨੇ ਦੱਸਿਆ ਕਿ 1984 ਦਾ ਹਮਲਾ ਕਾਂਗਰਸ ਸਰਕਾਰ ਨੇ ਕੀਤਾ ਤੇ ਬੀਜੇਪੀ ਨੇ ਕਰਵਾਇਆ। ਉਨ੍ਹਾਂ ਕਿਹਾ ਕਿ ਇੱਕ ਜੂਨ ਨੂੰ ਕੇਂਦਰ ਸਰਕਾਰ ਵੱਲੋਂ ਟੈਂਕਾਂ ਤੇ ਤੋਪਾਂ ਤੈਨਾਤ ਕਰਕੇ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਮਿਸ਼ਨ ਭਾਵੇਂ 6 ਜੂਨ ਨੂੰ ਪੂਰਾ ਹੋਇਆ ਪਰ ਸ਼ਹਾਦਤਾਂ ਦਾ ਸਿਲਸਿਲਾ 1 ਜੂਨ ਤੋਂ ਹੀ ਸ਼ੁਰੂ ਹੋ ਗਿਆ ਸੀ। ਜਿਸ 'ਚ ਕਈ ਸਿੱਖਾਂ ਨੇ ਸ਼ਹੀਦੀ ਦੇ ਜਾਮ ਪੀਤੇ ਹਨ।
ਕੌਮ ਕਦੇ ਨਹੀਂ ਭੁੱਲ ਸਕਦੀ ਘੱਲੂਘਾਰਾ: ਉਨ੍ਹਾਂ ਦੱਸਿਆ ਕਿ ਬੀਐਸਐਫ ਅਤੇ ਸੀਆਰਪੀਐਫ਼ ਵਲੋਂ ਗੋਲੀਆਂ ਚਲਾਈਆਂ ਗਈਆਂ ਤੇ ਨਿਹੱਥੇ ਲੋਕਾਂ ਦਾ ਕਤਲੇਆਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗੋਲੀਆਂ ਦਾ ਸਾਡੇ ਸਿੰਘਾਂ ਵਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ, ਜਿਸ ਵਿਚ ਸਾਡੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ ਤੇ 2 ਜੂਨ ਨੂੰ ਦੀਵਾਨ ਸਾਹਿਬ ਮੰਜੀ ਹਾਲ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ, ਜਿਸ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀ ਸਕਦੀ। ਉਨ੍ਹਾਂ ਕਿਹਾ ਕਿ ਇਹ ਦਰਦ ਅੱਜ ਵੀ ਸਿੱਖਾਂ ਦੇ ਹਿਰਦੇ ਚੀਰ ਰਿਹਾ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਕਈ ਸਿੰਘ ਤੇ ਸਿੰਘਣੀਆਂ ਨੇ ਦਿੱਤੀ ਸ਼ਹਾਦਤ: ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਦੀਆਂ ਤੱਕ ਯੋਧਿਆਂ ਦੀ ਸ਼ਹਾਦਤ ਨੂੰ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਸ਼ਹੀਦੀ ਕਹਿਣਾ ਸੌਖਾ ਪਰ ਸ਼ਹਾਦਤ ਨੂੰ ਚੜ੍ਹਦੀਕਲਾ 'ਚ ਦੇਣਾ ਬਹੁਤ ਵੱਡਾ ਕੰਮ ਹੈ। ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਸਿੰਘਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਅੱਜ ਯਾਦ ਕਰਦਿਆਂ ਬਰਸੀ ਮਨਾਈ ਗਈ ਹੈ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ।
ਲੀਡਰ ਨਾ ਮਨਾਉਣ ਜਸ਼ਨ: ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਮੌਕੇ ਸਿਆਸੀ ਲੀਡਰਾਂ ਨੂੰ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੂਨ ਮਹੀਨਾ ਸਿੱਖ ਕੌਮ ਲਈ ਕੁਰਬਾਨੀਆਂ ਦਾ ਮਹੀਨਾ ਹੈ ਤੇ ਇਸ ਦਾ ਪਹਿਲਾਂ ਹਫ਼ਤਾ ਜੋ ਤੀਜੇ ਘੱਲੂਘਾਰੇ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ 'ਚ ਕਈ ਸਿੰਘ ਤੇ ਸਿੰਘਣੀਆਂ ਨੇ ਕੁਬਰਾਨੀ ਦਿੰਦਿਆਂ ਸ਼ਹਾਦਤ ਦਿੱਤੀ ਹੈ। ਇਸ ਲਈ ਸਿਆਸੀ ਲੀਡਰਾਂ ਦਾ ਜੋ 4 ਜੂਨ ਨੂੰ ਨਤੀਜਾ ਆਉਣਾ ਹੈ, ਉਸ 'ਚ ਜੇਤੂ ਉਮੀਦਵਾਰ ਢੋਲ ਧਮਾਕੇ ਜਾਂ ਸਪੀਕਰ ਲਗਾ ਕੇ ਕਿਸੇ ਤਰ੍ਹਾਂ ਦਾ ਜਸ਼ਨ ਨਾ ਮਨਾਉਣ, ਜਦਕਿ ਉਹ ਗੁਰੂ ਘਰ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਜ਼ਰੂਰ ਕਰਨ।