ਲੁਧਿਆਣਾ :22 ਜਨਵਰੀ ਨੂੰ ਜਿੱਥੇ ਪੂਰੇ ਦੇਸ਼ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਦਿਵਾਲੀ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਵੀ ਅਯੁਧਿਆ 'ਚ ਬਣ ਰਹੇ ਸ੍ਰੀ ਰਾਮ ਮੰਦਿਰ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਲੁਧਿਆਣਾ ਦੇ ਵਿੱਚ ਅਯੁਧਿਆ ਦੇ ਵਿੱਚ ਬਣ ਰਹੇ ਸ਼੍ਰੀ ਰਾਮ ਮੰਦਰ ਦੇ ਡਿਜ਼ਾਈਨ ਵਾਲੀ ਵਿਸ਼ੇਸ਼ ਸ਼ਾਲ ਕਾਫੀ ਮਸ਼ਹੂਰ ਹੋ ਰਹੀ ਹੈ ਜਿਸ ਦੇ ਦੂਰ ਦੂਰ ਤੋਂ ਆਰਡਰ ਆ ਰਹੇ ਹਨ। ਹਾਲਾਂਕਿ ਇੱਕ ਪਾਸੇ ਜਿੱਥੇ ਹੋਜਰੀ ਦਾ ਸੀਜ਼ਨ ਖਤਮ ਹੋਣ ਦੇ ਕੰਡੇ ਹੈ। ਉੱਥੇ ਹੀ ਦੂਜੇ ਪਾਸੇ ਇਹਨਾਂ ਸ਼ਾਲਾਂ ਦੀ ਵਿਕਰੀ ਇਕਦਮ ਵੱਧ ਗਈ ਹੈ। ਕਿਉਂਕਿ ਭਗਵੇ ਰੰਗ ਦੀਆਂ ਇਹ ਸ਼ਾਲਾਂ ਦੀ ਡਿਮਾਂਡ ਲਗਾਤਾਰ ਵੱਧਦੀ ਜਾ ਰਹੀ ਹੈ। ਦੂਰ ਦੂਰ ਤੋਂ ਲੋਕ ਇਹਨਾਂ ਸ਼ਾਲਾਂ ਨੂੰ ਲੈਣ ਲਈ ਆ ਰਹੇ ਹਨ। ਖਾਸ ਕਰਕੇ ਦਿੱਲੀ ਅਤੇ ਅਯੁਧਿਆ ਤੋਂ ਆਰਡਰ ਆ ਰਹੇ ਹਨ। ਲੁਧਿਆਣਾ ਦੇ ਕਾਰੋਬਾਰੀ ਸੰਦੀਪ ਨੇ ਦੱਸਿਆ ਕਿ 1 ਮਹੀਨਾ ਪਹਿਲਾਂ ਹੀ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ। ਲੋਹੜੀ ਤੋਂ ਪਹਿਲਾਂ ਹੀ ਅਜਿਹੀ ਸ਼ਾਲਾਂ ਬਣਾਉਣੀਆਂ ਸ਼ੁਰੂ ਹੋ ਗਈਆਂ ਸਨ।
500 ਦੇ ਕਰੀਬ ਸ਼ਾਲ ਉਹ ਬਣਾ ਰਹੇ: ਇਸ ਦੌਰਾਨ ਸੰਦੀਪ ਸਿੰਘ ਨੇ ਦੱਸਿਆ ਨੇ ਪੂਰੇ ਦੇਸ਼ ਚ ਉਨ੍ਹਾ ਨੂੰ ਆਰਡਰ ਆ ਰਹੇ ਹਨ। ਉਹਨਾਂ ਦੱਸਿਆ ਕਿ ਰੋਜਾਨਾ ਹੀ 500 ਦੇ ਕਰੀਬ ਸ਼ਾਲ ਉਹ ਬਣਾ ਰਹੇ ਨੇ। ਠੰਢ ਦਾ ਸੀਜ਼ਨ ਖਤਮ ਹੋਣ ਨੂੰ ਆ ਗਿਆ ਹੈ,ਪਰ ਇਸ ਦੀ ਬਾਵਜੂਦ ਬਜ਼ਾਰ 'ਚ ਇਸ ਸ਼ਾਲ ਦੀ ਕਾਫੀ ਡਿਮਾਂਡ ਹੈ। ਦੂਰ ਦਰਾਡੇ ਤੋਂ ਵੀ ਲੋਕ ਇਹ ਸ਼ਾਲ ਦੇ ਆਰਡਰ ਦੇ ਰਹੇ ਨੇ। ਉਹਨਾਂ ਦੱਸਿਆ ਕਿ ਸਭ ਤੋਂ ਜਿਆਦਾ ਭਗਵਾਂ ਰੰਗ ਹੀ ਰਾਮ ਭਗਤਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸੇ ਕਰਕੇ ਅਸੀਂ ਇੱਕੋ ਹੀ ਕਲਰ ਦੀ ਇਹ ਸ਼ਾਲ ਤਿਆਰ ਕੀਤੀ ਹੈ। ਜਿਸ 'ਤੇ ਸ਼੍ਰੀ ਰਾਮ ਦੇ ਨਾਲ ਮੰਦਿਰ ਦੀ ਤਸਵੀਰ ਵੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਫੀ ਮਿਹਨਤ ਨਾਲ ਇਹ ਤਿਆਰ ਕੀਤੀ ਹੈ।