ਬਰਨਾਲਾ:ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡਾਂ ਵਿੱਚ ਸੁਖਪਾਲ ਖਹਿਰਾ ਵੱਲੋਂ ਅੱਜ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੇਰੇ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਹਾਰ ਵਿੱਚ ਬਹੁਤ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਹ ਬਿਹਾਰ ਦੇ ਲੋਕਾਂ ਨੂੰ ਕਾਂਗਰਸ ਵਿਰੁੱਧ ਭੜਕਾਅ ਰਹੇ ਹਨ। ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਪੰਜਾਬ ਵਿੱਚ ਬਿਹਾਰੀਆਂ ਨੂੰ ਆਉਣ ਤੋਂ ਕਾਂਗਰਸੀਆਂ ਨੇ ਮਨ੍ਹਾ ਕਰ ਦਿੱਤਾ ਹੈ। ਜਦੋਂਕਿ ਮੇਰੇ ਵੱਲੋਂ ਅਜਿਹਾ ਕੁੱਝ ਵੀ ਨਹੀਂ ਕਿਹਾ ਗਿਆ। ਮੈਂ ਸਿਰਫ਼ ਇਹ ਕਿਹਾ ਹੈ ਕਿ ਜਿੰਨ੍ਹੇ ਵੀ ਗੈਰ ਪੰਜਾਬੀ ਹਨ। ਉਹ ਪੰਜਾਬ ਵਿੱਚ ਮਿਹਨਤ ਕਰਨ ਅਤੇ ਆਪਣੀ ਕਮਾਈ ਕਰਕੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਇਸਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈ।
ਹਿਮਾਚਲ ਪ੍ਰਦੇਸ਼ ਦੀ ਤਰਜ਼ ’ਤੇ ਕਾਨੂੰਨ ਬਨਾਉਣ ਦੀ ਮੰਗ:ਅਸੀਂ ਉਨ੍ਹਾਂ ਦੀ ਇੱਥੇ ਬਿਨ੍ਹਾਂ ਸ਼ਰਤ ਵੋਟ ਬਨਣ ਜ਼ਮੀਨਾਂ ਖਰੀਦਣ ਅਤੇ ਸਰਕਾਰੀ ਨੌਕਰੀਆਂ ਹਾਸਲ ਕਰਨ ਉੱਪਰ ਇਤਰਾਜ਼ ਜਤਾ ਰਹੇ ਹਾਂ। ਖਹਿਰਾ ਨੇ ਕਿਹਾ ਕਿ ਮੇਰੇ ਵੱਲੋਂ ਇੱਕ ਪ੍ਰਾਈਵੇਟ ਮੈਂਬਰਜ਼ ਬਿੱਲ ਪੰਜਾਬ ਵਿਧਾਨ ਸਭਾ ਵਿੱਚ ਸਪੀਕਰ ਨੂੰ ਪੇਸ਼ ਕੀਤਾ ਹੋਇਆ ਹੈ ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੀ ਤਰਜ਼ ’ਤੇ ਕਾਨੂੰਨ ਬਨਾਉਣ ਦੀ ਮੰਗ ਕੀਤੀ ਹੈ। ਜਿਸ ਅਨੁਸਾਰ ਪੰਜਾਬ ਵਿੱਚ ਬਾਹਰੀ ਰਾਜਾਂ ਤੋਂ ਆਏ ਵਿਅਕਤੀਆਂ ਨੂੰ ਵੋਟ ਬਨਾਉਣ ਜ਼ਮੀਨ ਖਰੀਦਣ ਨੌਕਰੀ ਕਰਨ ਸਬੰਧੀ ਪੰਜਾਬ ਰਾਜ ਵੱਲੋਂ ਸ਼ਰਤਾਂ ਲਗਾਉਣ ਦੀ ਮੰਗ ਹੈ। ਪੀਐਮ ਮੋਦੀ ਦੇ ਸੂਬੇ ਗੁਜਰਾਜ ਸਮੇਤ ਉੱਤਰਾਖੰਡ ਵਿੱਚ ਬੀਜੇਪੀ ਦੀ ਸਰਕਾਰ ਨੇ ਇਹ ਕਾਨੂੰਨ ਬਣਾਇਆ ਹੋਇਆ ਹੈ। ਬੀਜੇਪੀ ਅਤੇ ਆਮ ਆਦਮੀ ਪਾਰਟੀ ਮੇਰੇ ਵਿਰੁੱਧ ਗਲਤ ਪ੍ਰਚਾਰ ਕਰ ਰਹੇ ਹਨ।