ਗ਼ਮਗੀਨ ਮਾਹੌਲ 'ਚ ਹੋਇਆ ਅੰਤਿਮ ਸਸਕਾਰ (rupnagar reporter)
ਰੂਪਨਗਰ:ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਝੱਜ ਦੇ 29 ਸਾਲਾ ਲਾਂਸ ਨਾਇਕ ਨੇ ਦੇਸ਼ ਦੀ ਖਾਤਿਰ ਸ਼ਹਾਦਤ ਦਾ ਜਾਮ ਪੀ ਲਿਆ। ਜਿਨਾਂ ਨੂੰ ਅੱਜ ਹਜ਼ਾਰਾਂ ਨਮ ਅੱਖਾਂ ਦੇ ਨਾਲ ਜੱਦੀ ਪਿੰਡ ਪਹੁੰਚ ਕੇ ਆਖਰੀ ਵਿਦਾਈ ਦਿੱਤੀ ਗਈ। ਉਥੇ ਹੀ ਅੱਜ ਬਲਜੀਤ ਦੀ ਦੇਹ ਪਿੰਡ ਪਹੁੰਚਣ ਤੋਂ ਬਾਅਦ ਪੂਰੇ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਉਕਤ ਜਵਾਨ ਕਰੀਬ 10 ਸਾਲ ਪਹਿਲਾਂ ਭਾਰਤੀ ਫ਼ੌਜ 'ਚ ਭਰਤੀ ਹੋਇਆ ਸੀ ਅਤੇ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਡਿਊਟੀ 'ਤੇ ਗਿਆ ਸੀ। ਉਕਤ ਸੈਨਿਕ ਦਾ ਕਰੀਬ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਅੰਤਿਮ ਸਸਕਾਰ ਮੌਕੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਦੱਸ ਦਈਏ ਕਿ ਸ਼ਹੀਦ ਬਲਜੀਤ ਸਿੰਘ ਸਪੈਸ਼ਲ ਫੋਰਸ ਦੀ ਟੁਕੜੀ ਦਾ ਹਿੱਸਾ ਸੀ ਜੋ ਪੀ.ਐਮ.ਕੇ.ਜੀ. ਗੰਨ 'ਤੇ ਤੈਨਾਤ ਸੀ।
ਹਜ਼ਾਰਾਂ ਅੱਖਾਂ ਨੇ ਦਿੱਤੀ ਸ਼ਰਧਾਂਜਲੀ
ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਅਤੇ ਸਾਬਕਾ ਵਿਧਾਇਕ ਸਮਰਜੀਤ ਸਿੰਘ ਸੰਦੌਆ ਪਹੁੰਚੇ। ਉਥੇ ਹੀ ਇਸ ਮੌਕੇ ਸ਼ਹੀਦ ਬਲਜੀਤ ਸਿੰਘ ਦੀ ਦੇਹ ਨੂੰ ਫੌਜੀ ਜਵਾਨਾਂ ਵੱਲੋਂ ਰੋਪੜ ਤੋਂ ਹੁੰਦੇ ਹੋਏ ਨੂਰਪੁਰ ਬੇਦੀ ਦੇ ਗੁਰਦੁਆਰਾ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਮੈਦਾਨ ਵਿੱਚ ਲਿਆਂਦਾ ਗਿਆ। ਜਿੱਥੇ ਇੱਕ ਕਾਫਲੇ ਦੇ ਰੂਪ ਵਿੱਚ ਝੱਜ ਚੌਂਕ ਪਿੰਡ ਦੇ ਉਹਨਾਂ ਦੇ ਜੱਦੀ ਘਰ ਵਿਖੇ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਗਿਆ। ਇਸ ਮੌਕੇ ਜ਼ਿਲ੍ਹਾ ਰੂਪਨਗਰ ਦੇ ਸਮੁੱਚੇ ਹੀ ਸਰਕਾਰੀ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀਆਂ ਅਤੇ ਫੌਜ ਦੇ ਜਵਾਨਾਂ ਵੱਲੋਂ ਵਿਸ਼ੇਸ਼ ਰੂਪ ਵਿੱਚ ਫੌਜੀ ਬੈਂਡ ਰਾਹੀਂ ਸਲਾਮੀ ਦਿੱਤੀ ਗਈ ਅਤੇ ਜਿੱਥੇ ਸਮੁੱਚੀਆਂ ਹੀ ਧਾਰਮਿਕ ਰਾਜਨੀਤਿਕ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਆਲੇ ਦੁਆਲੇ ਪਿੰਡਾਂ ਦੇ ਲੋਕ ਅਤੇ ਸਾਬਕਾ ਫੌਜੀ ਵੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਸ਼ਰੀਕ ਹੋਏ। ਉੱਥੇ ਹੀ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ।
200 ਫੁੱਟ ਡੂੰਘੀ ਖੱਡ 'ਚ ਡਿੱਗੀ ਗੱਡੀ
ਜ਼ਿਕਰਯੋਗ ਹੈ ਕਿ ਸ਼ਹੀਦ ਬਲਜੀਤ ਜਦੋਂ ਫੌਜ ਦੇ ਅਧਿਕਾਰੀ ਮੰਗਲਵਾਰ ਨੂੰ ਦੁਸ਼ਮਣਾਂ ਦੀ ਗਤਿਵਿਧੀਆਂ ਦਾ ਪਤਾ ਚੱਲਣ ਉਤੇ 2 ਗੱਡੀਆਂ 'ਚ ਰਵਾਨਾ ਹੋਏ ਤਾਂ ਇਸ ਦੌਰਾਨ ਦੁਸ਼ਮਣਾਂ ਦਾ ਸਾਹਮਣਾ ਕਰਨ ਸਮੇਂ ਫੌਜ ਦੀ ਇਕ ਅਰਮਦਾ ਗੱਡੀ ਘੁੰਮਣ ਸਮੇਂ ਅਚਾਨਕ ਮਨਜਾ ਕੋਟੇ ਖੇਤਰ ਨੇੜੇ 200 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਦੌਰਾਨ ਉਕਤ ਗੱਡੀ 'ਚ ਸਵਾਰ 4 ਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਜਦਕਿ ਲਾਂਸ ਨਾਇਕ ਬਲਜੀਤ ਸਿੰਘ ਸ਼ਹੀਦ ਹੋ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਪਰਿਵਾਰ ਨੂੰ ਵਧ ਤੋਂ ਵਧ ਮਦਦ ਕੀਤੀ ਜਾਵੇ ਤਾਂ ਜੋ ਪਿਛੇ ਰਹਿ ਗਏ ਪਰਿਵਾਰ ਨੂੰ ਭਵਿੱਖ ਵਿਚ ਜੀਵਨ ਜਿਉਣ ਲਈ ਸੋਖਾ ਹੋ ਸਕੇ।