ਦੁਧਾਰੂ ਪਸ਼ੂਆਂ ਦੇ ਮਾਮਲੇ ਵਿੱਚ ਅਕਾਲੀ ਦਲ ਆਗੂਆਂ ਨੇ ਮੰਗਿਆ ਪੀੜਤਾਂ ਲਈ ਮੁਆਵਜ਼ਾ ਬਰਨਾਲਾ :ਬਰਨਾਲਾ ਜਿਲ੍ਹੇ ਦੇ ਹਲਕਾ ਭਦੌੜ ਦੇ ਪਿੰਡਾਂ ਵਿੱਚ ਲਗਾਤਾਰ ਦੁਧਾਰੂ ਪਸ਼ੂਆਂ ਦਾ ਮਰਨਾ ਅਜੇ ਤੱਕ ਜਾਰੀ ਹੈ। ਇਸ ਮਾਮਲੇ ਦੇ ਹੱਲ ਲਈ ਸ੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਡੀਸੀ ਬਰਨਾਲਾ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਪੀੜਤ ਲੋਕਾਂ ਦੀ ਸਾਰ ਲੈ ਕੇ ਬੀਮਾਰੀ ਦਾ ਹੱਲ ਕਰਨ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਅਕਾਲੀ ਦਲ ਨੇ ਸਰਕਾਰ ਉਪਰ ਪੀੜਤ ਲੋਕਾਂ ਦੀ ਸਾਰ ਲੈਣ ਨਾ ਲੈਣ ਦੇ ਇਲਜ਼ਾਮ ਲਗਾਏ ਹਨ।
ਪਿੰਡਾਂ ਵਿੱਚ ਦੁਧਾਰੂ ਪਸ਼ੂਆਂ ਦੀ ਹੋ ਰਹੀ ਲਗਾਤਰ ਮੌਤ: ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਪਿੰਡਾਂ ਵਿੱਚ ਦੁਧਾਰੂ ਪਸ਼ੂਆਂ ਦੀ ਲਗਾਤਰ ਮੌਤ ਹੋ ਰਹੀ ਹੈ। ਪਿੰਡ ਧੂਰਕੋਟ, ਕਾਹਨੇਕੇ, ਰੂੜੇਕੇ ਅਤੇ ਜਗਜੀਤਪੁਰਾ ਵਿਖੇ ਵੱਡੀ ਗਿਣਤੀ ਵਿੱਚ ਦੁੱਧ ਦੇਣ ਵਾਲੇ ਪਸ਼ੂ ਭਿਆਨਕ ਬੀਮਾਰੀ ਨਾਲ ਮਰ ਰਹੇ ਹਨ। ਹਲਕੇ ਦੇ ਲੋਕਾਂ ਉੱਪਰ ਪਈ ਵੱਡੀ ਬਿਪਤਾ ਮੌਕੇ ਸਰਕਾਰ ਜਾਂ ਪ੍ਰਸ਼ਾਸ਼ਨ ਦਾ ਕੋਈ ਵੀ ਵਿਅਕਤੀ ਲੋਕਾਂ ਦੀ ਸਾਰ ਲੈਣ ਤੱਕ ਨਹੀਂ ਪਹੁੰਚਿਆ।
ਸਰਕਾਰ ਲਈ ਹੈ ਬਹੁਤ ਸ਼ਰਮ ਦੀ ਗੱਲ: ਉਨ੍ਹਾਂ ਕਿਹਾ ਕਿ ਕਿਸਾਨ ਤੇ ਮਜ਼ਦੂਰ ਭਰਾਵਾਂ ਦਾ ਇਸ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੀਆਂ ਲੱਖਾਂ ਦੀ ਕੀਮਤ ਦੀਆਂ ਮੱਝਾਂ ਦੀ ਮੌਤ ਹੋ ਰਹੀ ਹੈ। ਪਰ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਹੈ ਕਿ ਸਰਕਾਰ ਨੇ ਪੀੜਤ ਲੋਕਾਂ ਨੂੰ ਮੁਆਵਜ਼ਾ ਤਾਂ ਕੀ ਦੇਣਾ ਸੀ, ਸਰਕਾਰ ਅਜੇ ਤੱਕ ਇਨ੍ਹਾਂ ਲੋਕਾਂ ਦੀ ਸਾਰ ਤੱਕ ਲੈਣ ਨਹੀਂ ਪੁੱਜੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਉਹ ਮੁਰਗੀਆਂ ਤੱਕ ਦੇ ਮੁਆਵਜ਼ੇ ਦੇਣਗੇ, ਪਰ ਸਰਕਾਰ ਅਜੇ ਤੱਕ ਪਹਿਲਾਂ ਦੀ ਕੁਦਰਤੀ ਆਫ਼ਤ ਦਾ ਮੁਆਵਜ਼ਾ ਨਹੀਂ ਦੇ ਸਕੀ ਅਤੇ ਹੁਣ ਵਾਲੇ ਪੀੜਤ ਲੋਕਾਂ ਨੂੰ ਮੁਆਵਜ਼ਾ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਦੁਧਾਰੂ ਪਸ਼ੂਆਂ ਦਾ ਮਰਨਾ ਅਜੇ ਵੀ ਜਾਰੀ ਹੈ। ਅਜੇ ਵੀ ਇਹ ਬੀਮਾਰੀ ਪਸ਼ੂਆਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਦਾ ਚੁਣਿਆ ਵਿਧਾਇਕ ਅਜੇ ਤੱਕ ਲੋਕਾਂ ਦੀ ਸਾਰ ਲੈਣ ਤੱਕ ਲਈ ਵੀ ਨਹੀਂ ਪੁੱਜਿਆ। ਜਦੋਂ ਕਿ ਵਿਧਾਇਕ ਨੂੰ ਚਾਹੀਦਾ ਹੈ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਵਾਉਂਦਾ ਹੈ।