ਹੰਸ ਰਾਜ ਹੰਸ ਦੀ ਵਿਵਾਦਿਤ ਸਪੀਚ (ETV Bharat Faridkot) ਫ਼ਰੀਦਕੋਟ : ਫ਼ਰੀਦਕੋਟ ਲੋਕ ਸਭਾ ਹਲਕੇ ਖ਼ਾਸ ਕਰ ਫਰੀਦਕੋਟ ਜਿਲ੍ਹੇ ਅੰਦਰ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾਂ ਪੈ ਰਿਹਾ, ਜਿਸ ਦੇ ਚਲਦੇ ਬੀਤੇ ਕੱਲ੍ਹ ਵੀ ਹੰਸ ਰਾਜ ਹੰਸ ਨੂੰ ਫਰੀਦਕੋਟ ਜਿਲ੍ਹੇ ਦੇ ਪਿੰਡ ਬੀਹਲੇਵਾਲਾ ਵਿਚ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਦੇ ਜਿਸ ਘਰ ਵਿੱਚ ਹੰਸ ਰਾਜ ਹੰਸ ਨੇ ਜਾਣਾ ਸੀ ਉਹ ਪਿੰਡੋਂ ਬਾਹਰ ਇੱਕ ਬਸਤੀ ਵਿੱਚ ਸੀ, ਜਿਸ ਦੇ ਪ੍ਰਮੁੱਖ ਰਸਤੇ ਨੂੰ ਕਿਸਾਨਾਂ ਵੱਲੋਂ ਧਰਨਾ ਲਗਾ ਕੇ ਜਾਮ ਕਰ ਦਿੱਤਾ ਗਿਆ ਸੀ ਅਤੇ ਕਿਸੇ ਨੂੰ ਵੀ ਅੱਗੇ ਨਹੀਂ ਸੀ ਜਾਣ ਦਿੱਤਾ ਜਾ ਰਿਹਾ।
50 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ :ਭਾਜਪਾ ਦੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਕੁਝ ਲੋਕਾਂ ਨੂੰ ਵੀ ਕਿਸਾਨਾਂ ਵੱਲੋਂ ਬੇਰੰਗ ਵਾਪਸ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਹੰਸ ਰਾਜ ਨੂੰ ਹੋਰ ਰਸਤੇ ਰਾਹੀਂ ਸਮਾਗਮ ਵਿਚ ਲਿਆਉਣ ਦਾ ਪ੍ਰਬੰਧ ਕੀਤਾ ਗਿਆ। ਜਿਵੇਂ ਹੀ ਹੰਸ ਰਾਜ ਦੀਆ ਗੱਡੀਆਂ ਦਾ ਕਾਫਲਾ ਕਿਸਾਨਾਂ ਦੀ ਨਜ਼ਰੇ ਪਿਆ ਤਾਂ ਉਹਨਾਂ ਨੇ ਹੰਸ ਰਾਜ ਦੀਆਂ ਗੱਡੀਆ ਵੱਲ ਵਧਣ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਮੌਜੂਦ ਭਾਰੀ ਪੁਲਿਸ ਬਲ ਵੱਲੋਂ ਕਿਸਾਨਾਂ ਨੂੰ ਘੇਰ ਲਿਆ ਗਿਆ ਅਤੇ 50 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਬਾਕੀਆਂ ਨੂੰ ਇੱਕ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
'ਬਹੁਤ ਹੋ ਗਈਨਰਮਾਈ' : ਇਸ ਦੌਰਾਨ ਸਮਾਗਮ ਵਿਚ ਪਹੁੰਚੇ ਹੰਸ ਰਾਜ ਹੰਸ ਨੇ ਆਪਣੇ ਸੰਬੋਧਨ ਦੌਰਾਨ ਵਿਰੋਧ ਕਰਨ ਵਾਲੇ ਕਿਸਾਨਾਂ ਨਾਲ ਨਿਪਟਣ ਲਈ ਕਈ ਵਿਵਾਦਿਤ ਟਿੱਪਣੀਆ ਕੀਤੀਆਂ। ਹੰਸ ਰਾਜ ਹੰਸ ਨੇ ਸਮਾਗਮ ਕਰਵਾਉਣ ਵਾਲੇ ਸ਼ਖਸ ਨੂੰ ਕਿਹਾ ਕਿ ਵਿਰੋਧ ਕਰਨ ਵਾਲਿਆਂ ਦੇ ਨਾਮ ਨੋਟ ਕਰ ਕੇ ਰੱਖੋ, ਤੁਸੀਂ ਸ਼ਾਂਤ ਰਹਿਣਾ ਜੋ ਕਰਨਾ ਮੈਂ ਕਰਨਾ। ਉਹਨਾਂ ਕਿਹਾ ਕਿ ਨਰਮਾਈ ਬਹੁਤ ਹੋ ਗਈ। ਮੈਂ ਤਾਂ ਖੁਦ ਆਪਣੇ ਨਾਲ ਰਹਿਣ ਵਾਲਿਆਂ ਨੂੰ ਟਿਕਾ ਕੇ ਰੱਖਦਾ ਹਾਂ, ਪਰ ਹੁਣ ਨਹੀਂ। ਉਹਨਾਂ ਆਪਣਾ ਮੋਬਾਇਲ ਨੰਬਰ ਜਨਤਕ ਕਰਦਿਆ ਕਿਹਾ ਕਿ ਜਿਸ ਕਿਸੇ ਨੂੰ ਕੋਈ ਸਮੱਸਿਆ ਆਵੇ ਉਹ ਮੈਨੂੰ ਤੁਰੰਤ ਕਾਲ ਕਰੇ ਮੈਂ ਹੱਲ ਕਰਾਂਗਾ।
'ਇਹਨਾਂ ਛਿੱਤਰਾਂ ਨਾਲ ਹੀ ਲੋਟ ਆਉਣਾ ਹੈ' :ਉਹਨਾਂ ਕਿਹਾ ਕਿ ਕਿਸਾਨਾਂ ਨੇ ਹਾਲੇ ਦੋ ਦਿਨ ਪਹਿਲਾਂ ਬਰਨਾਲੇ ਦੁਕਾਨਦਾਰਾਂ ਤੋਂ ਕੁੱਟ ਖਾਧੀ ਹੈ ਹੁਣ ਵੀ ਜਾ ਕੇ ਬੈਠਦੇ ਹਨ ਉੱਥੇ। ਉਹਨਾਂ ਕਿਹਾ ਕਿ ਇਹ ਛਿੱਤਰਾਂ ਦੇ ਯਾਰ ਹਨ ਅਤੇ ਇਹਨਾਂ ਛਿੱਤਰਾਂ ਨਾਲ ਹੀ ਲੋਟ ਆਉਣਾ ਹੈ। ਹੰਸ ਰਾਜ ਹੰਸ ਨੇ ਆਪਣੇ ਸੰਬੋਧਨ ਵਿਚ ਕਿਸਾਨਾਂ ਨੂੰ ਉਕਸਾਉਣ ਵਾਲੀ ਭਾਸ਼ਾ ਦਾ ਜਿਆਦਾ ਇਸਤੇਮਾਲ ਕੀਤਾ। ਹੰਸ ਰਾਜ ਹੰਸ ਦੇ ਇਸ ਬਿਆਨ ਦਾ ਨੋਟਿਸ ਲੈਂਦਿਆ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੇ ਕਿਹਾ ਕਿ ਹੰਸ ਰਾਜ ਦੇ ਅਜਿਹੇ ਵਤੀਰੇ ਕਾਰਨ ਹੁਣ ਉਹ ਵੋਟਾਂ ਵੀ ਹੰਸ ਰਾਜ ਨਹੀਂ ਪੈਣੀਆ ਜੋ ਪਿੰਡ ਦੇ ਲੋਕਾਂ ਵੱਲੋਂ ਇੱਕਾ ਦੁੱਕਾ ਇਸ ਨੂੰ ਪਾਈਆਂ ਜਾਣੀਆਂ ਸਨ। ਉਹਨਾਂ ਕਿਹਾ ਕਿ ਜਿਸ ਪਰਿਵਾਰ ਨੇ ਹੰਸ ਰਾਜ ਨੂੰ ਆਪਣੇ ਘਰ ਬੁਲਾਇਆ ਅੱਜ ਤੋਂ ਪਿੰਡ ਵਾਸੀਆ ਵੱਲੋਂ ਉਹਨਾਂ ਨਾਲ ਸਾਰੇ ਰਿਸ਼ਤੇ ਖ਼ਤਮ ਕਰ ਲਏ ਗਏ ਹਨ।