ਬਰਨਾਲਾ:ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਮੀਟਿੰਗ ਹੋਈ। ਜਿਸ ਵਿੱਚ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਮਜ਼ਦੂਰ ਆਗੂਆਂ ਸ਼ਿਰਕਤ ਕੀਤੀ।
ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਦਲਿਤ ਮੁਕਤੀ ਲਹਿਰ ਦੇ ਕੌਮੀ ਨਾਇਕ ਕਾਂਸ਼ੀ ਰਾਮ ਦੀਆਂ ਨੀਤੀਆਂ ਦੇ ਉਲਟ ਚੱਲ ਕੇ ਬਸਪਾ ਨੇ ਜਿਥੇ ਦਲਿਤਾਂ ਅੰਦੋਲਨ ਨੂੰ ਮੱਠਾ ਕੀਤਾ, ਉਥੇ ਭਾਜਪਾ ਮੋਦੀ ਹਕੂਮਤ ਦੇ ਹਰ ਜ਼ਬਰ ਖ਼ਿਲਾਫ਼ ਸੰਘਰਸ਼ ਦੇ ਮੈਦਾਨ ਵਿੱਚ ਡਟੇ ਰਹੇ ਭੀਮ ਆਰਮੀ ਦੇ ਬਾਨੀ ਅਤੇ ਅਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਤੇ ਯੂਪੀ ਦੇ ਨਗੀਨਾ ਲੋਕ ਸਭਾ ਹਲਕਾ ਨਵੇਂ ਚੁਣੇ ਗਏ। ਸੰਸਦ ਮੈਂਬਰ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਹੇਠ 'ਬਹੁਜਨ ਸਮਾਜ ਮੁਕਤੀ ਲਹਿਰ' ਨਵੀਂ ਉਡਾਣ ਭਰੇਗੀ। ਸੰਸਦ 'ਚ ਵੀ ਬਹੁਜਨ ਸਮਾਜ ਦੀ ਅਵਾਜ਼ ਦਮਦਾਰ ਤਰੀਕੇ ਨਾਲ ਬੁਲੰਦ ਹੋਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਕਾਲੀ,ਕਾਂਗਰਸੀ ਹਕੂਮਤਾਂ ਵਾਂਗ ਹੀ 'ਆਪ' ਸਰਕਾਰ ਦਲਿਤ ਸਮਾਜ ਦੇ ਮੰਗਾਂ ਮਸਲਿਆਂ ਪ੍ਰਤੀ ਗੈਰ ਸੰਜੀਦਾ ਹੈ। ਦਲਿਤਾਂ 'ਤੇ ਜ਼ਬਰ ਦੀਆਂ ਘਟਨਾਵਾਂ ਨਿਰੰਤਰ ਜਾਰੀ ਹਨ। ਜਿਵੇਂ ਕਿ ਲੰਘੇ ਦਿਨੀਂ ਜ਼ਿਲ੍ਹਾ ਸੰਗਰੂਰ ਅੰਦਰ ਦੋ ਦਲਿਤ ਨੌਜਵਾਨਾਂ 'ਤੇ ਹੋਏ ਅੰਨ੍ਹੇ ਜ਼ਬਰ ਦੀ ਤਾਜ਼ਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਦੇ ਮੱਦੇਨਜ਼ਰ 24 ਜੁਲਾਈ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਹੋ ਰਹੀ ਕਨਵੈਨਸ਼ਨ ਮੌਕੇ ਐੱਸ.ਸੀ.ਸਮਾਜ ਉੱਪਰ ਹੋ ਰਹੇ ਜ਼ਬਰ ਖ਼ਿਲਾਫ਼ ਸੂਬਾ ਪੱਧਰੀ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ, ਸੂਬਾ ਵਿੱਤ ਸਕੱਤਰ ਮੱਖਣ ਸਿੰਘ ਰਾਮਗੜ੍ਹ, ਬਲਜੀਤ ਕੌਰ ਸਿੱਖਾਂ, ਕੁਲਵਿੰਦਰ ਕੌਰ ਦਸੂਹਾ, ਮਨਜੀਤ ਕੌਰ ਜੋਗਾ, ਨਿੱਕਾ ਸਿੰਘ ਬਹਾਦਰਪੁਰ, ਰੋਮੀ ਸਿੰਘ ਸੰਗਰੂਰ, ਪ੍ਰਿਤਪਾਲ ਸਿੰਘ ਰਾਮਪੁਰਾ, ਨਾਨਕ ਸਿੰਘ ਤਪਾ ਤੇ ਸੁਖਵਿੰਦਰ ਸਿੰਘ ਬੋਹਾ ਆਦਿ ਆਗੂ ਵੀ ਹਾਜ਼ਰ ਸਨ।