ਬਠਿੰਡਾ:ਤੁਸੀਂ ਨਸ਼ੇ ਨਾਲ ਬਰਬਾਦ ਹੁੰਦੇ ਬਹੁਤ ਸਾਰੇ ਨੌਜਵਾਨ ਅਤੇ ਘਰ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਇੱਕ ਅਜਿਹੇ ਨੌਜਵਾਨ ਜਾਂ ਕਹਿ ਲਿਆ ਜਾਵੇ ਕਿ ਹੀਰੋ ਦੀ ਕਹਾਣੀ ਦੱਸਾਂਗੇ ਜਿਸ ਨੇ ਮੌਤ ਅਤੇ ਜੀਲਤ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ। ਉਹ ਨੌਜਵਾਨ ਪਿੰਡ ਕੋਟ ਬਖਤੂ ਦਾ ਰਹਿਣ ਵਾਲਾ ਗੁਰਸੇਵਕ ਸਿੰਘ ਹੈ।ਜਿਸ ਨੇ ਚੜ੍ਹਦੀ ਜਵਾਨੀ 'ਚ ਆਪਣੇ ਹੱਥ ਆਈ ਕਬੀਲਦਾਰੀ ਦੇ ਪੈਸੇ ਨੂੰ ਇਸ ਕਦਰ ਬਰਬਾਦ ਕੀਤਾ ਕਿ ਅੱਜ ਉਸ ਗਲਤੀ 'ਤੇ ਪਛਤਾ ਰਿਹਾ ਪਰ ਸਭ ਤੋਂ ਵੱਡੀ ਗੱਲ ਗੁਰਸੇਵਕ ਹੁਣ ਇਸ ਦਲਦਲ ਚੋਂ ਬਾਹਰ ਨਿਕਲ ਚੁੱਕਾ ਹੈ।
ਕਿਵੇਂ ਲੱਗੀ ਨਸ਼ੇ ਦੀ ਲੱਤ: ਗੁਰਸੇਵਕ ਨੇ ਈਵੀ ਭਾਰਤ ਨੇ ਗੱਲਬਾਤ ਕਰਦੇ ਆਪਣੀ ਹੱਢਬੀਤੀ ਦੱਸਦੇ ਆਖਿਆ ਕਿ ਪਹਿਲਾਂ ਉਸ ਨੇ ਮੈਡੀਕਲ ਨਸ਼ਾ ਕਰਨਾ ਸ਼ੁਰੂ ਕੀਤਾ ਫਿਰ ਹੌਲੀ-ਹੌਲੀ ਸੰਗਤ ਅਜਿਹੀ ਮਿਲੀ ਕਿ ਸਮੈਕ ਤੱਕ ਗੱਲ ਪਹੁੰਚ ਗਈ। 35 ਤੋਂ 40 ਲੱਖ ਰੁਪਏ ਬਰਬਾਦ ਕਰਨ ਤੋਂ ਬਾਅਦ ਘਰ ਦੀ ਕਣਕ ਤੱਕ ਸਮੈਕ ਪੀਣ ਲਈ ਵੇਚਣੀ ਸ਼ੁਰੂ ਕਰ ਦਿੱਤੀ। ਘਰ ਦੀ ਕਬੀਲਦਾਰੀ ਨਿੱਕੇ ਭਾਰ ਦੇ ਹੱਥ ਚਲੀ ਗਈ। ਨੌਬਤ ਇੱਥੋਂ ਤੱਕ ਆ ਗਈ ਕਿ ਲੋਕਾਂ ਕੋਲੋਂ ਹੱਥ ਅੱਡ ਕੇ ਪੈਸੇ ਮੰਗ ਕੇ ਨਸ਼ੇ ਦੀ ਪੂਰਤੀ ਕਰਨੀ ਸ਼ੁਰੂ ਕਰ ਦਿੱਤੀ।ਘਰ 'ਚ ਲੜਾਈ ਹੋਣੀ ਇੱਕ ਆਮ ਗੱਲ ਹੋ ਗਈ।
ਕਿਵੇਂ ਬਦਲੀ ਜ਼ਿੰਦਗੀ:ਗੁਰਸੇਵਕ ਨੇ ਦੱਸਿਆ ਕਿ ਸਮੈਕ ਲਈ ਉਸ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਅੱਗੇ ਹੱਥ ਅੱਡੇ। ਜਦੋਂ-ਜਦੋਂ ਉਸ ਨੇ ਲੋਕਾਂ ਅੱਗੇ ਹੱਥ ਅੱਡੇ ਤਾਂ ਉਸ ਨੂੰ ਜਲਾਲਤ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਉਹ ਆਪਣਾ ਜ਼ਮੀਰ ਨਹੀਂ ਮਾਰ ਸਕਿਆ। ਆਖਰਕਾਰ ਆਪਣੇ ਮਨ 'ਚ ਪੱਕਾ ਠਾਣ ਲਿਆ ਕਿ ਉਸ ਨੇ ਹੁਣ ਹੋਰ ਜਲੀਲ ਨਹੀਂ ਹੋਣਾ ਅਤੇ ਨਸ਼ੇ ਤੋਂ ਕਿਨਾਰਾ ਕਰ ਲੈਣਾ ਹੈ।