ਮਾਨਸਾ: ਜ਼ਿਲ੍ਹੇ ਦੇ ਪਿੰਡ ਆਕਲੀਆ ਵਿੱਚ ਸ਼ਰਾਬ ਦੇ ਠੇਕੇ ਉੱਤੇ ਕਰਿੰਦੇ ਦੇ ਤੌਰ ਉੱਤੇ ਕੰਮ ਕਰਦੇ ਕਰਮਜੀਤ ਸਿੰਘ ਉਰਫ ਘੋਗਾ (45) ਦਾ ਪਿੰਡ ਦੇ ਹੀ 2 ਵਿਅਕਤੀਆਂ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਕਤਲ ਮਾਮਲੇ ਵਿੱਚ ਦੋਸ਼ੀ ਬਿਕਰਮਜੀਤ ਸਿੰਘ ਸੋਨੀ ਨੂੰ ਮਾਨਸਾ ਦੀ ਮਾਨਯੋਗ ਅਦਾਲਤ ਵੱਲੋਂ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸਜ਼ਾ ਦੇ ਨਾਲ 20 ਹਜ਼ਾਰ ਰੁਪਏ ਜ਼ੁਰਮਾਨਾ ਅਤੇ 2 ਲੱਖ ਰੁਪਏ ਪੀੜਤ ਪਰਿਵਾਰ ਨੂੰ ਮੁਆਵਜੇ ਵਜੋਂ ਦੇਣ ਦਾ ਵੀ ਆਦੇਸ਼ ਜਾਰੀ ਕੀਤਾ ਹੈ। ਪੀੜਤ ਪਰਿਵਾਰ ਵੱਲੋਂ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੰਬੇ ਸਮੇਂ ਬਾਅਦ ਅੱਜ ਉਨ੍ਹਾਂ ਨੂੰ ਮਾਨਯੋਗ ਅਦਾਲਤ ਵੱਲੋਂ ਇਨਸਾਫ ਦਿੱਤਾ ਗਿਆ ਹੈ।
ਕਤਲ ਮਾਮਲੇ ਵਿੱਚ ਮਾਨਸਾ ਦੀ ਮਾਨਯੋਗ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ (Etv Bharat) 2019 ਵਿੱਚ ਹੋਇਆ ਸੀ ਕਤਲ
ਐਡਵੋਕੇਟ ਜਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ "ਪਿੰਡ ਆਕਲੀਆ ਦੇ ਵਿੱਚ ਕਰਮਜੀਤ ਸਿੰਘ ਉਰਫ ਘੋਗਾ ਸ਼ਰਾਬ ਦੇ ਠੇਕੇ ਉੱਤੇ ਕਰਿੰਦੇ ਦੇ ਤੌਰ ਉੱਤੇ ਕੰਮ ਕਰਦਾ ਸੀ ਅਤੇ ਪਿੰਡ ਦੇ ਹੀ ਵਿਅਕਤੀ ਬਿਕਰਮਜੀਤ ਸਿੰਘ ਸੋਨੀ ਤੇ ਗੁਰਲਾਲ ਸਿੰਘ ਉਰਫ ਲਾਲੀ ਵੱਲੋਂ ਸ਼ਰਾਬ ਉਧਾਰੀ ਨਾ ਦੇਣ ਦੇ ਚੱਲਦਿਆਂ 6 ਅਤੇ 7 ਅਪ੍ਰੈਲ 2019 ਦੀ ਰਾਤ ਨੂੰ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਕਤਲ ਮਾਮਲੇ ਵਿੱਚ ਮਾਨਸਾ ਦੀ ਥਾਣਾ ਜੋਗਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਿਕਰਮਜੀਤ ਸਿੰਘ ਅਤੇ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜ਼ਮਾਨਤ ਉੱਤੇ ਆਏ ਗੁਰਲਾਲ ਸਿੰਘ ਦੀ ਕੇਸ ਦੇ ਦੌਰਾਨ ਮੌਤ ਹੋ ਗਈ ਸੀ ਜਦੋਂ ਕਿ ਮਾਨਯੋਗ ਅਦਾਲਤ ਵੱਲੋਂ ਇਸ ਕਤਲ ਮਾਮਲੇ ਵਿੱਚ ਬਿਕਰਮਜੀਤ ਸਿੰਘ ਉਰਫ ਸੋਨੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।" ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਦੋਸ਼ੀ ਨੂੰ 20 ਹਜ਼ਾਰ ਰੁਪਏ ਜੁਰਮਾਨਾ ਅਤੇ 2 ਲੱਖ ਰੁਪਏ ਪੀੜਤ ਪਰਿਵਾਰ ਨੂੰ ਵੀ ਦੇਣ ਦਾ ਆਦੇਸ਼ ਜਾਰੀ ਕੀਤਾ ਹੈ।
ਮ੍ਰਿਤਕ ਕਰਮਜੀਤ ਸਿੰਘ ਦੀ ਧੀ ਗਗਨਦੀਪ ਕੌਰ ਨੇ ਮਾਨਯੋਗ ਅਦਾਲਤ ਅਤੇ ਵਕੀਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਪਿੰਡ ਦੇ ਹੀ 2 ਵਿਅਕਤੀਆਂ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੇ ਮਾਨਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਇਨਸਾਫ ਦਿੱਤਾ ਗਿਆ ਹੈ ਜਿਸ ਦੇ ਲਈ ਉਹਨਾਂ ਵੱਲੋਂ ਮਾਨਯੋਗ ਅਦਾਲਤ ਦਾ ਧੰਨਵਾਦ ਕੀਤਾ ਗਿਆ।