ਹਾਕੀ ਜੇਤੂ ਖਿਡਾਰੀ ਸ਼ਮਸ਼ੇਰ ਸਿੰਘ ਪਰਿਵਾਰ 'ਚ ਲੱਗੀਆਂ ਰੌਣਕਾਂ (Amritsar reporter)
ਅੰਮ੍ਰਿਤਸਰ:ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਬ੍ਰੌਂਜ਼ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦੇ ਖਿਡਾਰੀਆਂ ਦੇ ਘਰਾਂ ਵਿੱਚ ਅੱਜ ਕੱਲ੍ਹ ਰੌਣਕਾਂ ਲੱਗੀਆਂ ਹੋਈਆਂ ਹਨ। ਲੋਕਾਂ ਵੱਲੋਂ ਪਰਿਵਾਰਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਵੀ ਜਾਰੀ ਹੈ। ਉਥੇ ਹੀ ਤਰਨ ਤਾਰਨ ਦੇ ਰਹਿਣ ਵਾਲੇ ਖਿਡਾਰੀ ਸ਼ਮਸ਼ੇਰ ਸਿੰਘ ਦੇ ਅਟਾਰੀ ਸਥਿਤ ਘਰ ਵਿੱਚ ਵੀ ਖੁਸ਼ੀ ਦਾ ਮਾਹੋਲ ਵੇਖਣ ਨੂੰ ਮਿਲ ਰਿਹਾ ਹੈ। ਪਰਿਵਾਰਿਕ ਮੈਂਬਰਾਂ, ਕੋਚ ਅਤੇ ਪਿੰਡ ਦੇ ਸਾਥੀਆਂ ਵੱਲੋਂ ਵੱਡੇ ਪੱਧਰ 'ਤੇ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਮਠਿਆਈ ਵੀ ਵੰਡੀ ਜਾ ਰਹੀ ਹੈ।
ਦੁਨੀਆਂ 'ਚ ਨਾਮ ਰੌਸ਼ਨ ਕਰਨ ਵਾਲੇ ਪੁੱਤ 'ਤੇ ਪਰਿਵਾਰ ਨੁੰ ਮਾਣ:ਇਸ ਮੌਕੇ ਗੱਲਬਾਤ ਕਰਦਿਆਂ ਸ਼ਮਸ਼ੇਰ ਦੇ ਪਿਤਾ ਨੇ ਕਿਹਾ ਕਿ ਉਹਨਾਂ ਲਈ ਬਹੁਤ ਹੀ ਮਾਣ ਦੀ ਗਲ ਹੈ ਕਿ ਉਹਨਾਂ ਦੇ ਬੱਚੇ ਨੇ ਆਪਣੇ ਪਿੰਡ ਅਟਾਰੀ ਤੇ ਪੰਜਾਬ ਦਾ ਨਾਮ ਦੇਸ਼ ਦੁਨੀਆਂ 'ਚ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਪਿਹਲਾਂ ਵੀ ਬ੍ਰੌਂਜ਼ ਮੈਡਲ ਲੈਕੇ ਆਏ ਸੀ ਤੇ ਹੁਣ ਵੀ ਮੈਡਲ ਜਿੱਤਿਆ ਹੈ। ਓਨ੍ਹਾਂ ਕਿਹਾ ਕਿ ਸਾਡੇ ਲਈ ਇਹ ਵੀ ਗੋਲਡ ਮੈਡਲ ਹੀ ਹੈ। ਉਹਨਾਂ ਨੇ ਕਿਹਾ ਕਿ ਸਾਰੀ ਟੀਮ ਨੇ ਮਿਹਨਤ ਨਾਲ ਇਹ ਪੈਰਿਸ ਓਲੰਪਿਕ ਵਿੱਚ ਬ੍ਰੌਂਜ਼ ਮੈਡਲ ਹਾਸਲ ਕੀਤਾ ਹੈ। ਉਦੋਂ ਤੋਂ ਹੀ ਸਾਨੂੰ ਫੋਨ ਅਤੇ ਘਰ ਵਿੱਚ ਲੋਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਜਿਸਦੇ ਚੱਲਦੇ ਅੱਜ ਅਸੀਂ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ।
ਪਿਤਾ ਨੇ ਦੱਸਿਆ ਕਿ ਸ਼ਮਸ਼ੇਰ ਸ਼ੁਰੂ ਤੋਂ ਹੀ ਆਪਣੀ ਖੇਡ ਪ੍ਰਤੀ ਬਹੁਤ ਹੀ ਧਿਆਨ ਦਿੰਦਾ ਸੀ। ਉਹ ਜਦੋਂ ਛੋਟਾ ਸੀ ਤਾਂ ਅਟਾਰੀ ਦੇ ਸਟੇਡੀਅਮ ਵਿੱਚ ਆਪਣੀ ਖੇਡ ਸ਼ੁਰੂ ਕੀਤੀ ਸੀ। ਪਰਿਵਾਰ ਨੇ ਕਿਹਾ ਕਿ ਸਾਡੇ ਅਟਾਰੀ ਦੇ ਸਟੇਡੀਅਮ ਵਿੱਚ ਬੜੇ ਹੀ ਖਿਡਾਰੀ ਉਭਰ ਕੇ ਸਾਹਮਣੇ ਆਏ ਹਨ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਇਹਨਾਂ ਮੈਦਾਨਾਂ ਵੱਲ ਧਿਆਨ ਦੇਣ ਤਾਂ ਜੋ ਲੋਕ ਨਸ਼ੇ ਦੇ ਦੂਰ ਹੋ ਕੇ ਖੇਡਾਂ ਵੱਲ ਆਪਣਾ ਮਨ ਬਣਾਉਣ।
ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ: ਇਸ ਮੌਕੇ ਸ਼ਮਸ਼ੇਰ ਸਿੰਘ ਦੇ ਪਿਤਾ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਤੇ ਓਸਦੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਜੋ ਕਿ ਸਾਡੇ ਦੇਸ਼ ਸੂਬੇ ਅਤੇ ਪਿੰਡ ਅਟਾਰੀ ਲਈ ਬਹੁਤ ਹੀ ਮਾਣ ਦੀ ਗਲ ਹੈ। ਜਿਸਦੇ ਚੱਲਦੇ ਅਸੀਂ ਆਸ ਕਰਦੇ ਹਾਂ ਕਿ ਅਗਾਂਹ ਵੀ ਵਧੀਆ ਪ੍ਰਦਰਸ਼ਨ ਕਰ ਦੇਸ਼ ਲਈ ਮੈਡਲ ਹਾਸਲ ਕਰੇ। ਉੱਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਕਿ ਸਾਡੇ ਪਿੰਡ ਦੀ ਗਰਾਊਂਡ ਨੂੰ ਹੋਰ ਵੱਡਾ ਕੀਤਾ ਜਾਵੇ ਤੇ ਇੱਥੇ ਕਾਫੀ ਬੱਚੇ ਆ ਰਹੇ ਹਨ। ਜੋ ਸ਼ਮਸ਼ੇਰ ਵਾਂਗ ਵਧੀਆ ਖੇਡ ਕੇ ਦੇਸ਼ ਦਾ ਨਾਂ ਰੋਸ਼ਨ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਰੇ ਮੈਚ ਵੇਖੇ ਹਨ ਤੇ ਇੱਕ-ਇੱਕ ਖਿਡਾਰੀ ਦਾ ਨਾਮ ਉਹਨਾਂ ਨੂੰ ਪਤਾ ਹੈ। ਇਹਨਾਂ ਹੀ ਨਹੀਂ ਉਹਨਾਂ ਨੇ ਫੋਨ ਉੱਤੇ ਵੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ।
ਵੀਡੀਓ ਕਾਲ ਕਰਕੇ ਕੀਤਾ ਖੁਸ਼ੀ ਦਾ ਇਜ਼ਹਾਰ :ਮੀਡੀਆ ਨਾਲ ਗੱਲ ਬਾਤ ਦੌਰਾਨ ਸਪੇਨ ਤੋਂ ਖਿਡਾਰੀ ਸ਼ਮਸ਼ੇਰ ਸਿੰਘ ਨੇ ਮਾਪਿਆਂ ਨੂੰ ਵੀਡੀਓ ਕਾਲ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਅਤੇ ਨਾਲ ਹੀ ਉਹਨਾਂ ਨੇ ਮੀਡੀਆ ਨਾਲ ਵੀ ਗੱਲ ਬਾਤ ਕੀਤੀ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਟੀਮ ਨੇ ਮਿਹਨਤ ਕਰਕੇ ਇਹ ਮੁਕਾਮ ਹਾਸਿਲ ਕੀਤਾ ਹੈ ਅੱਜ ਬੱਚਾ ਬੱਚਾ ਉਹਨਾਂ ਨੂੰ ਜਾਂਦਾ ਹੈ ਅਤੇ ਉਹਨਾਂ ਤਿਰੰਗੇ ਦਾ ਮਾਣ ਵਧਾਇਆ ਹੈ ਇਸ ਗੱਲ ਦੀ ਖੁਸ਼ੀ ਹੈ।