ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਬਦਲ ਗਿਆ ਹੈ। ਬੀਤੇ ਦਿਨ ਤੋਂ ਹੀ ਕਈ ਇਲਾਕਿਆਂ ਵਿੱਚ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋ ਰਹੀ ਹੈ। ਜਿਸ ਕਾਰਨ ਠੰਢ ਵਧ ਗਈ ਹੈ। ਖੇਤੀ ਮਾਹਿਰਾਂ ਅਨੁਸਾਰ ਮੀਂਹ ਫ਼ਸਲਾਂ ਲਈ ਚੰਗਾ ਹੈ। ਹਾਲਾਂਕਿ, ਗੜਿਆਂ ਨਾਲ ਫਸਲਾਂ ਨੂੰ ਨੁਕਸਾਨ ਹੋਵੇਗਾ। 27 ਦਸੰਬਰ ਤੋਂ 2 ਜਨਵਰੀ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਦਿੱਲੀ ਦਾ ਮੌਸਮ
ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ, ਇਸ ਦੌਰਾਨ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਵੀ ਇਸ ਖੇਤਰ ਲਈ ਗੜੇ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਸਵੇਰ ਤੋਂ ਸ਼ੁਰੂ ਹੋਈ ਬਾਰਿਸ਼ ਦਿਨ ਭਰ ਜਾਰੀ ਰਹੀ ਅਤੇ ਲੰਬੇ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦਿੱਲੀ ਲਈ 'ਓਰੇਂਜ' ਅਲਰਟ ਵੀ ਜਾਰੀ ਕੀਤਾ ਹੈ।
ਦਿੱਲੀ ਤੋਂ ਇਲਾਵਾ, ਆਈਐਮਡੀ ਨੇ ਉੱਤਰੀ ਭਾਰਤ ਦੇ ਕਈ ਹੋਰ ਖੇਤਰਾਂ ਲਈ ਵੀ ਗੜੇ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ਲਈ 'ਓਰੇਂਜ' ਅਲਰਟ ਐਲਾਨਿਆ ਗਿਆ ਹੈ, ਜਦਕਿ ਸ਼ਨੀਵਾਰ ਅਤੇ ਐਤਵਾਰ ਨੂੰ 'ਯੈਲੋ' ਅਲਰਟ ਜਾਰੀ ਕੀਤਾ ਗਿਆ ਹੈ।
ਮੀਂਹ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ
ਮੀਂਹ ਕਾਰਨ ਦੱਖਣੀ, ਮੱਧ ਅਤੇ ਉੱਤਰੀ ਦਿੱਲੀ ਦੇ ਕਈ ਇਲਾਕਿਆਂ 'ਚ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਇਸ ਕਾਰਨ ਨੀਵੇਂ ਇਲਾਕਿਆਂ ਵਿੱਚ ਵੀ ਪਾਣੀ ਭਰ ਗਿਆ। ਮੀਂਹ ਤੋਂ ਬਾਅਦ ਸ਼ਹਿਰ ਦੇ ਤਾਪਮਾਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।
ਹਿਮਾਚਲ ਪ੍ਰਦੇਸ਼ ਦਾ ਮੌਸਮ
ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਤੋਂ ਸ਼ੀਤ ਲਹਿਰ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ 28 ਦਸੰਬਰ ਨੂੰ ਪੱਛਮੀ ਹਿਮਾਲੀਅਨ ਖੇਤਰ ਵਿੱਚ ਗਰਜ਼ ਅਤੇ ਬਿਜਲੀ ਦੇ ਨਾਲ ਵਿਆਪਕ ਤੌਰ 'ਤੇ ਬਾਰਿਸ਼ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਇਸ ਦੌਰਾਨ ਰਾਜਸਥਾਨ ਵਿੱਚ ਠੰਡ ਜਾਰੀ ਹੈ, ਰਾਜ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੂਚਨਾ ਹੈ। ਚੁਰੂ ਵਿੱਚ ਸਭ ਤੋਂ ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੱਥੇ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ, ਜੋ ਕਿ ਚੁਰੂ ਵਿੱਚ 5.4 ਡਿਗਰੀ ਸੈਲਸੀਅਸ ਅਤੇ ਵਨਸਥਲੀ ਵਿੱਚ 17.2 ਡਿਗਰੀ ਸੈਲਸੀਅਸ ਸੀ।