ਖਨੌਰੀ: ਪਿਛਲੇ 33 ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 'ਤੇ ਬੈਠੇ ਹਨ। ਜਿਸ ਨੂੰ ਲੈ ਕੇ ਸੁਪਰੀਮ ਕੋਰਟ 'ਚ ਵੀ ਸੁਣਵਾਈ ਹੋ ਰਹੀ ਹੈ। ਇੱਕ ਪਾਸੇ ਤਾਂ ਡਾਕਟਰਾਂ, ਸੁਪਰੀਮ ਕੋਰਟ, ਪੰਜਾਬ ਸਰਕਾਰ ਅਤੇ ਕਿਸਾਨਾਂ ਵੱਲੋਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਉਧਰ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਬਾਰਡਰ ਤੋਂ ਵੀਡੀਓ ਜਾਰੀ ਕਰ ਆਖਿਆ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਜਦੋਂ ਪਤਾ ਲੱਗਿਆ ਕਿ ਸੁਪਰੀਮ ਕੋਰਟ ਅਜਿਹੇ ਸ਼ਬਦ ਵਰਤ ਰਹੀ ਹੈ।
ਸ਼ਾਇਦ ਸੁਪਰੀਮ ਕੋਰਟ ਵੀ ਇਹੀ ਚਾਹੁੰਦੀ ਹੈ
ਡੱਲੇਵਾਲ ਨੇ ਆਖਿਆ ਕਿ ਸੁਪਰੀਮ ਕੋਰਟ ਹੀ ਹੁਣ ਉਨ੍ਹਾਂ ਦਾ ਇੱਕ ਸਿਹਰਾ ਸੀ ਅਤੇ ਉਸ ਤੋਂ ਹੀ ਉਮੀਦ ਸੀ ਪਰ ਹੁਣ ਤਾਂ ਸੁਪਰੀਮ ਕੋਰਟ ਹੀ ਅਜਿਹੇ ਸ਼ਬਦ ਵਰਤ ਰਹੀ ਹੈ, ਜਿਸ ਨੂੰ ਸੁਣ ਕੇ ਮੈਨੂੰ ਦੁੱਖ ਹੋਇਆ। ਉਨ੍ਹਾਂ ਬੋਲ੍ਹਿਆ ਕਿ ਮੋਰਚੇ 'ਤੇ ਇੰਨੀ ਸਖ਼ਤ ਟਿੱਪਣੀ ਦਾ ਮਤਲਬ ਤਾਂ ਇਹ ਹੀ ਹੈ ਸ਼ਾਇਦ ਸੁਪਰੀਮ ਕੋਰਟ ਵੀ ਆ ਹੀ ਚਾਹੁੰਦੀ ਹੈ ਕਿ ਕਿਸਾਨਾਂ 'ਤੇ ਐਕਸ਼ਨ ਕੀਤਾ ਜਾਵੇ। ਉਨ੍ਹਾਂ ਵੀਡੀਓ 'ਚ ਬੋਲਦੇ ਕਿਹਾ ਕਿ ਕੋਰਟ ਚਾਹੁੰਦੀ ਹੈ ਕਿਸੇ ਤਰੀਕੇ ਨਾਲ ਮੋਰਚੇ ਨੂੰ ਚੁੱਕਿਆ ਜਾਵੇ ਫਿਰ ਚਾਹੇ ਸਰਕਾਰ ਗੋਲੀਆਂ ਚਲਾਵੇ ਜਾਂ ਡੰਡੇ ਦਾ ਪ੍ਰਯੋਗ ਕਰੇ।
ਕਿਉਂ ਰੱਖਿਆ ਮਰਨ ਵਰਤ?
ਕਿਸਾਨ ਆਗੂ ਨੇ ਆਖਿਆ ਕਿ ਮੇਰੇ ਮਰਨ ਵਰਤ ਦਾ ਕਾਰਨ ਕੇਂਦਰ ਸਰਕਾਰ ਹੈ। ਕੇਂਦਰ ਨੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਹੀ ਲਾਗੂ ਨਹੀਂ ਕੀਤੀਆਂ। ਇਸ ਲਈ ਮਜ਼ਬੂਰਨ ਕਿਸਾਨਾਂ ਨੂੰ ਧਰਨੇ ਲਗਾਉਣੇ ਪਏ ਅਤੇ ਮੈਨੂੰ ਮਰਨ ਵਰਤ ਰੱਖਣਾ ਪਿਆ। ਪਰ ਕੋਰਟ ਨੂੰ ਕਿਸੇ ਨੇ ਭਰਮ 'ਚ ਪਾ ਦਿੱਤਾ ਕਿ ਮੇਰੇ 'ਤੇ ਮਰਨ ਵਰਤ ਨੂੰ ਲੈ ਕੇ ਦਬਾਅ ਪਾਇਆ ਜਾ ਰਿਹਾ। ਉਨ੍ਹਾਂ ਕੋਰਟ ਨੂੰ ਜਵਾਬ ਦਿੰਦੇ ਆਖਿਆ ਮੈਂ ਸਭ ਤੋਂ ਜਿਆਦਾ ਉਮਰ ਦਾ ਕਿਸਾਨ ਆਗੂ ਹਾਂ, ਮੈਂ ਆਪਣਾ ਫ਼ਰਜ਼ ਸਮਝਦੇ ਹੋਏ ਮਰਨ ਵਰਤ ਦਾ ਐਲਾਨ ਕੀਤਾ ਸੀ।
ਸੁਣਵਾਈ 'ਚ ਸੁਪਰੀਮ ਕੋਰਟ
ਕੱਲ੍ਹ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਡੱਲੇਵਾਲ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀਆਂ ਕੋਸ਼ਿਸ਼ਾਂ ਬਾਰੇ ਰਿਪੋਰਟ ਮੰਗੀ ਸੀ। ਕਿਸਾਨ ਆਗੂ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੇਣ ਅਤੇ ਉਸ ਨੂੰ ਹਸਪਤਾਲ ਜਾਣ ਲਈ ਰਾਜ਼ੀ ਕਰਨ ਬਾਰੇ ਸੁਪਰੀਮ ਕੋਰਟ ਦੇ 20 ਦਸੰਬਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਦੇ ਡਾਇਰੈਕਟਰ ਜਨਰਲ ਵਿਰੁੱਧ ਅਦਾਲਤ ਦੀ ਮਾਣਹਾਨੀ ਦੀ ਪਟੀਸ਼ਨ 'ਤੇ ਸੁਣਵਾਈ ਹੋਈ ਹੈ। ਇਹ ਸੁਣਵਾਈ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ ਕੀਤੀ। ਇਸ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਜੇਕਰ ਡੱਲੇਵਾਲ ਨੂੰ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਤਾਂ ਕਿਸਾਨ ਵਿਰੋਧ ਕਰ ਸਕਦੇ ਹਨ।
- ਲਓ ਜੀ, ਹੁਣ ਨਵੇਂ ਸਾਲ 'ਤੇ ਕਿਸਾਨਾਂ ਨੇ ਬਣਾਈ ਵੱਡੀ ਯੋਜਨਾ, ਕਿਸਾਨ ਲੀਡਰਾਂ ਤੋਂ ਹੀ ਸੁਣੋ ਮੋਰਚਾ ਜਿੱਤਣ ਲਈ ਆਖਿਰ ਕਿਹੜੀ ਕਰ ਰਹੇ ਪਲੈਨਿੰਗ
- ਕੀ ਮਰਨ ਵਰਤ ਖੋਲ੍ਹਣਗੇ ਜਗਜੀਤ ਸਿੰਘ ਡੱਲੇਵਾਲ! ਸਰਕਾਰ ਦੇ ਮੰਤਰੀਆਂ ਨੇ ਕਿਹਾ ਅਸੀਂ ਸਾਰੀਆਂ ਮੰਗਾਂ ਨਾਲ ਸਹਿਮਤ...
- ਪੰਜਾਬ ਦੇ ਲੋਕਾਂ ਲਈ ਜਰੂਰੀ ਖਬਰ, ਕਿਸਾਨਾਂ ਨੇ 30 ਦਸੰਬਰ ਲਈ ਕਰ ਦਿੱਤਾ ਵੱਡਾ ਐਲਾਨ, ਜਰੂਰ ਪੜ੍ਹੋ ਇਹ ਖਬਰ
- ਪੰਜਾਬ ਦੀ ਸੰਘਰਸ਼ੀ ਧਰਤੀ 'ਤੇ ਪਿਛਲੇ 100 ਸਾਲਾਂ ਦੌਰਾਨ ਹੋਈਆਂ ਮਸ਼ਹੂਰ ਭੁੱਖ ਹੜਤਾਲਾਂ, ਪੜ੍ਹੋ ਖਾਸ ਰਿਪੋਰਟ