ਫਿਰੋਜ਼ਪੁਰ: ਫਿਰੋਜ਼ਪੁਰ ਦੇ ਕਸਬਾ ਮੁੱਦਕੀ ਦੇ ਰਹਿਣ ਵਾਲੇ ਇੱਕ ਪਰਿਵਾਰ ਦੀ ਵੀਡੀਓ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਇੱਕ ਔਰਤ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ। ਕਿ ਉਸ ਨੇ ਮਕਾਨ ਖਰੀਦਿਆ ਸੀ। ਪਰ ਮਕਾਨ ਮਾਲਕ ਨੇ ਕਿਸਾਨੀ ਝੰਡੇ ਦੀ ਆੜ ਵਿੱਚ ਜ਼ਬਰਦਸਤੀ ਉਸ ਦਾ ਸਮਾਨ ਘਰੋਂ ਬਾਹਰ ਕੱਢ ਦਿੱਤਾ ਹੈ ਅਤੇ ਉਹ ਆਪਣੀਆਂ ਚਾਰ ਧੀਆਂ ਸਮੇਤ ਬਾਹਰ ਰਾਤਾਂ ਕੱਟਣ ਲਈ ਮਜ਼ਬੂਰ ਹੈ।
50 ਹਜ਼ਾਰ ਰੁਪਏ ਦਾ ਬਿਆਨਾਂ
ਉੱਥੇ ਹੀ ਦੂਜੇ ਪਾਸੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਕਾਨ ਮਾਲਕ ਵੱਲੋਂ ਪ੍ਰੈੱਸ ਕਲੱਬ ਫਿਰੋਜ਼ਪੁਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਦੌਰਾਨ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਨਰਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਪਸ਼ਵਿੰਦਰ ਕੌਰ ਨੂੰ 50 ਹਜ਼ਾਰ ਰੁਪਏ ਦਾ ਬਿਆਨਾਂ ਕਰਾਕੇ ਮਕਾਨ ਉਸਨੂੰ ਦੇ ਦਿੱਤਾ ਸੀ, ਜਿਸ ਦੀ ਰਜਿਸਟਰੀ ਹੋਣੀ ਬਾਕੀ ਸੀ। ਬਿਆਨ ਦੀ ਤਰੀਕ ਲੰਘਣ 'ਤੇ ਅਤੇ ਕਈ ਮਹੀਨੇ ਬੀਤ ਜਾਣ 'ਤੇ ਉਹ ਨਾਂ ਤਾਂ ਰਜਿਸਟਰੀ ਕਰਾਂ ਰਹੀ ਸੀ ਅਤੇ ਨਾਂ ਹੀ ਮਕਾਨ ਖਾਲੀ ਕਰ ਰਹੀ ਸੀ। ਜਿਸ ਸਬੰਧੀ ਉਹ ਪੁਲਿਸ ਨੂੰ ਵੀ ਜਾਣੂ ਕਰਵਾ ਚੁੱਕੇ ਹਨ।
ਮਕਾਨ ਮਾਲਕ ਨੇ ਕਿਹਾ ਕਿ ਝੂਠਾ ਡਰਾਮਾ ਰਚਿਆ
ਇਸੇ ਦੇ ਚਲਦਿਆਂ ਬੀਤੇ ਦਿਨੀਂ ਉਸ ਨੇ ਮਕਾਨ ਤੇ ਕਬਜਾ ਕਰਨ ਲਈ ਥੋੜਾ ਜਿਹਾ ਸਮਾਨ ਲਿਆ ਕੇ ਮਕਾਨ ਵਿੱਚ ਰੱਖ ਲਿਆ ਜਦ ਉਹ ਮਕਾਨ ਖਾਲੀ ਕਰਾਉਣ ਲਈ ਗਏ ਤਾਂ ਪਸ਼ਵਿੰਦਰ ਕੌਰ ਨੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਝੂਠੀ ਕਹਾਣੀ ਬਣਾ ਕੇ ਵੀਡੀਓ ਵਾਇਰਲ ਕੀਤੀ ਗਈ ਅਤੇ ਝੂਠਾ ਡਰਾਮਾ ਰਚਿਆ ਗਿਆ ਕਿ ਉਹ ਗਰੀਬ ਹੈ ਅਤੇ ਉਸਦੇ ਧੀਆਂ ਸਮੇਤ ਉਸਦਾ ਸਮਾਨ ਧੱਕੇ ਨਾਲ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਗਰ ਉਹ ਇਸ ਵਿੱਚ ਗਲਤ ਪਾਏ ਜਾਂਦੇ ਹਨ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ
ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਜਦੋਂ ਡੀਐਸਪੀ ਕਰਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲੇ ਉਨ੍ਹਾਂ ਕੋਲ ਆਇਆ ਜਰੂਰ ਹੈ ਪਰ ਇਹ ਸਿਵਲ ਮਾਮਲਾ ਹੈ। ਜਿਸ ਦੀ ਉਹ ਜਾਂਚ ਕਰਨਗੇ ਜੇਕਰ ਇਸ ਵਿੱਚ ਕੋਈ ਗਲਤ ਪਾਇਆ ਜਾਂਦਾ ਹੈ ਤਾਂ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।