ਪਟਿਆਲਾ 'ਚ ਮਹਿਲਾ ਜੂਨੀਅਰ ਡਾਕਟਰ ਨਾਲ ਛੇੜਛਾੜ (ETV BHARAT) ਪਟਿਆਲਾ: ਪੰਜਾਬ ਵਿੱਚ ਜਿੱਥੇ ਆਪਣੀ ਸੁਰੱਖਿਆ ਨੂੰ ਲੈ ਕੇ ਡਾਕਟਰਾਂ ਦੇ ਦੁਆਰਾ ਪਿਛਲੇ ਪੰਜ ਦਿਨਾਂ ਤੋਂ ਓਪੀਡੀ ਬੰਦ ਕਰਕੇ ਹੜਤਾਲ ਕੀਤੀ ਜਾ ਰਹੀ ਸੀ, ਉੱਥੇ ਹੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇਕ ਜੂਨੀਅਰ ਰੈਜੀਡੈਂਟ ਮਹਿਲਾ ਡਾਕਟਰ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਡਾਕਟਰਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸ ਛੇੜਛਾੜ ਨੂੰ ਅੰਜ਼ਾਮ ਹਸਪਤਾਲ ਦੇ ਹੀ ਇੱਕ ਸਟਾਫ਼ ਮੈਂਬਰ ਵੱਲੋਂ ਦਿੱਤਾ ਗਿਆ ਦੱਸਿਆ ਜਾ ਰਿਹਾ।
ਮਹਿਲਾ ਡਾਕਟਰ ਨਾਲ ਛੇੜਛਾੜ ਦਾ ਮਾਮਲਾ
ਇਸ ਸਬੰਧੀ ਰੈਜੀਡੈਂਟ ਡਾਕਟਰ ਐਸੋਸੀਏਸ਼ਨ ਰਜਿੰਦਰਾ ਹਸਪਤਾਲ ਦੇ ਦੁਆਰਾ ਇੱਕ ਲਿਖਤੀ ਸ਼ਿਕਾਇਤ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਨੂੰ ਭੇਜੀ ਗਈ ਹੈ। ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਪਿਛਲੀ ਰਾਤ ਨੂੰ ਇੱਕ ਜੂਨੀਅਰ ਰੈਜੀਡੈਂਟ ਡਾਕਟਰ ਜੋ ਕਿ ਲੇਬਰ ਰੂਮ ਦੇ ਵਿੱਚ ਆਪਣੀ ਡਿਊਟੀ ਦੇ ਉੱਪਰ ਸੀ ਅਤੇ ਈਸੀਜੀ ਟੈਕਨੀਸ਼ੀਅਨ ਦੇ ਦੁਆਰਾ ਉਸ ਨੂੰ ਗਲਤ ਤਰੀਕੇ ਦੇ ਨਾਲ ਟੱਚ ਕੀਤਾ ਗਿਆ। ਰੈਜੀਡੈਂਟ ਡਾਕਟਰ ਐਸੋਸੀਏਸ਼ਨ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਸਖ਼ਤ ਤੋਂ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ ਗਈ ਹੈ।
ਮਾਮਲੇ 'ਚ ਕਮੇਟੀ ਕੀਤੀ ਗਠਨ
ਇਸ ਦੌਰਾਨ ਜਦੋਂ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਰੈਜੀਡੈਂਸ ਡਾਕਟਰਾਂ ਦੀ ਟੀਮ ਆਈ ਸੀ, ਜੋ ਆਪਣਾ ਮੰਗ ਪੱਤਰ ਦੇ ਕੇ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗਾ ਤੇ ਇਸ ਮਾਮਲੇ ਨੂੰ ਲੈਕੇ ਮੈਂ ਇੱਕ ਕਮੇਟੀ ਵੀ ਬਣਾ ਦਿੱਤੀ ਹੈ। ਡਾਇਰੈਕਟਰ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ, ਜਿਸ ਦੀ ਰਿਪੋਰਟ ਮਗਰੋਂ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।