ਅੰਮ੍ਰਿਤਸਰ:ਫਤਿਹਗੜ੍ਹ ਚੂੜੀਆਂ ਬਾਈਪਾਸ ਚੌਂਕੀ ‘ਤੇ ਕਥਿਤ ਗ੍ਰੇਨੇਡ ਹਮਲਾ ਹੋਇਆ ਹੈ। ਇਸ ਵਿੱਚ ਕਿਸੇ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਜਾਣਕਾਰੀ ਮੁਤਾਬਿਕ ਪੁੱਲ ਦੇ ਉੱਪਰੋਂ ਕਿਸੇ ਨੇ ਪੁਲਿਸ ਚੌਂਕੀ ਦੇ ਵਿੱਚ ਕਥਿਤ ਹੈਂਡ ਗ੍ਰੇਨੇਡ ਸੁੱਟਿਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਹਮਲਾ ਕਰਨ ਵਾਲਿਆਂ ਦੇ ਪਿੱਛੇ ਪੁਲਿਸ ਭੱਜੀ ਪਰ ਪੁਲਿਸ ਦੇ ਅੜਿੱਕੇ ਕੋਈ ਵੀ ਨਹੀਂ ਆਇਆ। ਮੀਡੀਆ ਰਿਪੋਰਟਾਂ ਮੁਤਾਬਿਕ ਚੌਂਕੀ ਨੂੰ ਤਾਲਾ ਮਾਰ ਕੇ ਸਾਰੀ ਪੁਲਿਸ ਥਾਣੇ ਵਿੱਚੋਂ ਗਾਇਬ ਹੋ ਗਈ। ਇਸ ਹਮਲੇ ਤੋਂ ਬਾਅਦ ਕੋਈ ਵੀ ਪੁਲਿਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ।
'ਕਥਿਤ ਗ੍ਰੇਨੇਡ ਹਮਲਾ '
ਇਸ ਘਟਨਾ ਤੋਂ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਅਮਰਜੀਤ ਸਿੰਘ ਮੌਕੇ ‘ਤੇ ਪੁੱਜੇ। ਉਨ੍ਹਾਂ ਵੱਲੋਂ ਚੌਂਕੀ ਦਾ ਜਾਇਜ਼ਾ ਲਿਆ ਗਿਆ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਗ੍ਰੇਨੇਡ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਪੁੱਜੇ ਹਾਂ ਅਤੇ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੋ ਸਮਾਨ ਬਰਾਮਦ ਹੋਇਆ ਹੈ ਇਹ ਗ੍ਰਨੇਡ ਦਾ ਟ੍ਰਿਗਰ ਹੈ ਤਾਂ ਪਹਿਲਾਂ ਉਨ੍ਹਾਂ ਨੇ ਹਾਂ ਵਿੱਚ ਜਵਾਬ ਦਿੱਤਾ ਅਤੇ ਫਿਰ ਉਨ੍ਹਾਂ ਨੇ ਕਿਹਾ ਪਤਾ ਨਹੀਂ ਇਸ ਦੀ ਜਾਂਚ ਕੀਤੀ ਜਾਵੇਗੀ।
' ਗ੍ਰੇਨੇਡ ਅਟੈਕ ਨਹੀਂ '
ਫਤਿਹਗੜ੍ਹ ਚੂੜੀਆਂ ਰੋਡ ਉੱਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਪੁੱਜੇ ਉਨ੍ਹਾਂ ਕਿਹਾ ਕਿ, 'ਇਹ ਗ੍ਰੇਨੇਡ ਅਟੈਕ ਨਹੀਂ ਹੈ, ਹਰ ਹਮਲੇ ਨੂੰ ਗ੍ਰੇਨੇਡ ਅਟੈਕ ਬਣਾ ਦਿੱਤਾ ਜਾਂਦਾ ਹੈ। ਜੇਕਰ ਗ੍ਰੇਨੇਡ ਹਮਲਾ ਹੁੰਦਾ ਤਾਂ ਵੱਡਾ ਨੁਕਸਾਨ ਹੋਣਾ ਸੀ। ਉਨ੍ਹਾਂ ਕਿਹਾ ਕਿ ਜਿਸ ਥਾਂ ਉੱਤੇ ਧਮਾਕਾ ਹੋਇਆ ਹੈ ਉੱਥੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਅਤੇ ਉੱਥੇ ਕੋਈ ਵੀ ਚੌਂਕੀ ਨਹੀਂ ਹੈ। ਧਮਾਕੇ ਦੀ ਅਵਾਜ਼ ਜ਼ਰੂਰ ਆਈ ਹੈ ਪਰ ਕਿਸ ਚੀਜ਼ ਦਾ ਧਮਾਕਾ ਹੋਇਆ, ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦੇ । ਸਾਡੀ ਪੁਲਿਸ ਟੀਮ ਵੱਲੋਂ ਇੱਥੇ ਨਾਕਾ ਲਗਾਇਆ ਗਿਆ ਸੀ ਅਤੇ ਪੁਲਿਸ ਚੌਂਕੀ ਕਾਫੀ ਸਮੇਂ ਤੋਂ ਬੰਦ ਪਈ ਹੋਈ ਹੈ। ਪੁਲਿਸ ਨਾਕੇ ਤੋਂ ਕਾਫੀ ਦੂਰ ਤੱਕ ਧਮਾਕੇ ਦੀ ਅਵਾਜ਼ ਸੁਣਾਈ ਦਿੱਤੀ ਹੈ। ਜਿਸ ਦੇ ਚਲਦੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ,' ।
ਕਦੋਂ ਕਦੋਂ ਘਟਨਾਵਾਂ ਵਾਪਰੀਆਂ?
ਇਸ ਤੋਂ ਪਹਿਲਾਂ, ਇਹ ਧਮਾਕਿਆਂ ਦਾ ਸਿਲਸਿਲਾ 24 ਨਵੰਬਰ ਤੋਂ ਸ਼ੁਰੂ ਹੋਇਆ ਸੀ। ਹੁਣ ਤੱਕ ਪੰਜਾਬ 'ਚ 26 ਦਿਨਾਂ 'ਚ ਇਹ 9ਵਾਂ ਹਮਲਾ ਹੈ, ਜਿਸ 'ਚ ਅੱਤਵਾਦੀ ਸੰਗਠਨ 6 ਧਮਾਕੇ ਕਰਨ 'ਚ ਸਫਲ ਰਹੇ ਹਨ, ਜਦਕਿ ਪੁਲਿਸ ਨੂੰ 1 ਬੰਬ ਬਰਾਮਦ ਕਰਨ 'ਚ ਸਫਲਤਾ ਮਿਲੀ ਹੈ, ਜਿਸ ਨੂੰ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਗਿਆ ਹੈ।
24 ਨਵੰਬਰ- ਅਜਨਾਲਾ ਥਾਣੇ ਦੇ ਬਾਹਰ ਆਰ.ਡੀ.ਐਕਸ. ਬਰਾਮਦ ਹੋਇਆ ਹਾਲਾਂਕਿ, ਇਹ ਵਿਸਫੋਟ ਨਹੀਂ ਹੋਇਆ, ਹੈਪੀ ਪਾਸ਼ੀਆ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ, ਜਦਕਿ ਪੁਲਿਸ ਨੇ ਇਸ ਮਾਮਲੇ 'ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ ਸਨ।
27 ਨਵੰਬਰ- ਗੁਰਬਖਸ਼ ਨਗਰ 'ਚ ਬੰਦ ਪੁਲਿਸ ਚੌਕੀ 'ਚ ਗ੍ਰੇਨੇਡ ਧਮਾਕਾ ਹੋਇਆ। ਇਹ ਹਮਲਾ ਵੀ ਬੰਦ ਪਈ ਚੌਕੀ ਵਿੱਚ ਹੋਇਆ।