ਅੰਮ੍ਰਿਤਸਰ : ਬਹੁਤ ਸਾਰੇ ਲੜਕੇ ਲੜਕੀਆਂ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਹੀ ਕੋਰਟ ਮੈਰਿਜ ਕਰਵਾ ਲੈਂਦੇ ਹਨ ਅਤੇ ਕੋਰਟ ਮੈਰਿਜ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾਂ ਫੇਰੇ ਜਾਂ ਮੰਦਰ ਦੇ ਵਿੱਚ ਫੇਰੇ ਜਰੂਰੀ ਹੁੰਦੇ ਹਨ। ਇਸ ਦੇ ਚਲਦਿਆਂ ਅੰਮ੍ਰਿਤਸਰ ਵਿਖੇ ਇੱਕ ਗ੍ਰੰਥੀ ਸਿੰਘ ਵੱਲੋਂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਕੇ ਨੌਜਵਾਨ ਕੁੜੀਆਂ ਮੁੰਡਿਆਂ ਦਾ ਵਿਆਹ ਕਰਵਾਇਆ ਜਾਂਦਾ ਸੀ ਅਤੇ ਜੋੜਿਆਂ ਨੁੰ ਨਕਲੀ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਸਨ। ਇਸ ਤਹਿਤ ਸੁਹ ਮਿਲਣ 'ਤੇ ਉਕਤ ਗ੍ਰੰਥੀ ਸਿੰਘ ਦੇ ਘਰ ਵਿੱਚ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਇੱਕ ਜਗ੍ਹਾ 'ਤੇ ਰੇਡ ਕੀਤੀ ਗਈ। ਇਸ ਦੌਰਾਨ ਸਿੰਘਾਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਅਤੇ ਉਕਤ ਗ੍ਰੰਥੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਪੈਸਿਆਂ ਦੇ ਲਾਲਚ 'ਚ ਗ੍ਰੰਥੀ ਕਰਵਾਊਂਦਾ ਸੀ ਵਿਆਹ: ਇਸ ਮੌਕੇ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਮੁੱਛਲ ਅਤੇ ਉਹਨਾਂ ਦੇ ਜਥੇਬੰਦੀ ਵੱਲੋਂ ਮੌਕੇ 'ਤੇ ਜਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਰਾਮਸਰ ਵਿਖੇ ਪਹੁੰਚਾਏ ਅਤੇ ਉਸ ਗ੍ਰੰਥੀ ਸਿੰਘ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ। ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਇਸ ਜਗ੍ਹਾ 'ਤੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਹੋਇਆ ਸੀ ਤੇ ਘਰ ਦੇ ਉੱਪਰ ਗ੍ਰੰਥੀ ਸਿੰਘ ਨੇ ਰਿਹਾਇਸ਼ ਕੀਤੀ ਹੋਈ ਸੀ ਅਤੇ ਲਗਾਤਾਰ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇੱਥੇ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਇੱਥੇ ਬਹੁਤ ਸਾਰੇ ਲੋਕ ਵੀ ਅਜਿਹੇ ਪਹੁੰਚੇ ਹਨ ਜਿਨਾਂ ਦੇ ਬੱਚੇ ਬੱਚੀਆਂ ਦੇ ਗਲਤ ਤਰੀਕੇ ਨਾਲ ਇਸ ਗ੍ਰੰਥੀ ਸਿੰਘ ਵੱਲੋਂ ਵਿਆਹ ਕਰਵਾਇਆ ਗਿਆ ਸੀ । ਉਹਨਾਂ ਕਿਹਾ ਕਿ ਗ੍ਰੰਥੀ ਕੁਝ ਪੈਸਿਆਂ ਦੇ ਲਾਲਚ ਵਿੱਚ ਵਿਆਹ ਦੇ ਨਕਲੀ ਸਰਟੀਫਿਕੇਟ ਵੀ ਬਣਾ ਕੇ ਦਿੰਦਾ ਸੀ।