ਮਾਨਸਾ:ਜ਼ਿਲ੍ਹੇ ਦਾ ਇੱਕ ਅਜਿਹਾ ਅਧਿਆਪਕ, ਜੋ ਇੱਕ ਨਹੀਂ, ਦੋ ਨਹੀਂ, ਬਲਕਿ 21 ਮਾਸਟਰ ਡਿਗਰੀਆਂ ਪੂਰੀਆਂ ਕਰ ਚੁੱਕੇ ਹਨ ਅਤੇ 22ਵੀਂ ਮਾਸਟਰ ਡਿਗਰੀ ਲਈ ਪੜ੍ਹਾਈ ਜਾਰੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਕਈ ਵਾਰ ਇਸ ਅਧਿਆਪਕ ਨੂੰ ਗੋਲਡ ਮੈਡਲਿਸਟ ਵੀ ਐਲਾਨਿਆ ਗਿਆ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਗਤੀਵਿਧੀਆਂ ਦੇ ਚੱਲਦਿਆਂ ਰਾਸ਼ਟਰਪਤੀ ਐਵਾਰਡ ਹਾਸਿਲ ਕਰਨ ਦਾ ਵੀ ਮਾਣ ਪ੍ਰਾਪਤ ਹੈ। ਅਜਿਹਾ ਹੀ ਅਧਿਆਪਕ ਬੁਢਲਾਡਾ ਦੇ ਰਹਿਣ ਵਾਲੇ ਹਨ ਵਿਜੈ ਕੁਮਾਰ ਹਨ, ਜੋ ਬਤੌਰ ਪ੍ਰਿੰਸੀਪਲ ਵਜੋਂ ਬੁਢਲਾਡਾ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿੱਚ ਸੇਵਾਵਾਂ ਨਿਭਾ ਰਹੇ ਹਨ।
3 ਤੋਂ ਵੱਧ ਯੂਨੀਵਰਸਿਟੀਆਂ ਵਿੱਚ ਪੜ੍ਹਾਈ, 21 ਡਿਗਰੀਆਂ ਕੰਪਲੀਟ
ਬੁਢਲਾਡਾ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿੱਚ ਪ੍ਰਿੰਸੀਪਲ ਦੇ ਤੌਰ ਉੱਤੇ ਤੈਨਾਤ ਵਿਜੈ ਕੁਮਾਰ ਇੱਕ ਅਜਿਹੇ ਅਧਿਆਪਕ ਹਨ, ਜੋ ਦੂਜੇ ਅਧਿਆਪਕਾਂ ਅਤੇ ਹੋਰ ਵਿਦਿਆਰਥੀਆਂ ਲਈ ਮਿਸਾਲ ਹਨ। ਇਸ ਪ੍ਰਿੰਸੀਪਲ ਨੇ 21 ਮਾਸਟਰ ਡਿਗਰੀਆਂ ਵੱਖ-ਵੱਖ ਵਿਸ਼ਿਆਂ ਵਿੱਚ ਹਾਸਿਲ ਕਰ ਲਈਆਂ ਹਨ ਅਤੇ 22 ਵੀ ਡਿਗਰੀ ਜਾਰੀ ਹੈ। ਵਿਜੈ ਕੁਮਾਰ ਵੱਲੋਂ 17 ਡਿਗਰੀਆਂ ਵੱਖ-ਵੱਖ ਵਿਸ਼ਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀਆਂ ਹਨ ਅਤੇ ਇਸ ਤੋਂ ਇਲਾਵਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਅਤੇ ਇਗਨੋ ਯੂਨੀਵਰਸਿਟੀ ਦਿੱਲੀ ਅਤੇ ਜੈਨ ਯੂਨੀਵਰਸਿਟੀ ਤੋਂ ਵੀ ਡਿਗਰੀਆਂ ਪ੍ਰਾਪਤ ਕੀਤੀਆਂ ਹਨ।
ਗ੍ਰੇਜੂਏਸ਼ਨ ਕਰਦੇ ਸਮੇਂ ਜਾਗਿਆ ਸ਼ੌਂਕ
ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਗ੍ਰੈਜੂਏਸ਼ਨ ਕਰਦੇ ਹੋਏ ਪੜ੍ਹਾਈ ਨਾਲ ਪਿਆਰ ਹੋ ਗਿਆ ਸੀ, ਜੋ ਹੁਣ ਅਜਿਹਾ ਸ਼ੌਂਕ ਬਣ ਗਿਆ ਹੈ ਕਿ ਅਜੇ ਤੱਕ ਇਹ ਉਤਰਿਆ ਹੀ ਨਹੀਂ ਹੈ। ਉਨ੍ਹਾਂ ਨੂੰ ਜ਼ਿੰਦਗੀ ਵਿੱਚ ਹੋਰ ਵੀ ਵੱਖ-ਵੱਖ ਵਿਸ਼ਿਆਂ ਨਾਲ ਪੜ੍ਹਾਈ ਕਰਕੇ ਜਾਣਕਾਰੀ ਹਾਸਿਲ ਕਰਨ ਦੀ ਤਾਂਘ ਪੈਦਾ ਹੋ ਗਈ ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਹੁਣ ਤੱਕ ਵੱਖ-ਵੱਖ ਵਿਸ਼ਿਆਂ ਵਿੱਚ 21 ਮਾਸਟਰ ਡਿਗਰੀਆਂ ਹਾਸਿਲ ਕਰ ਲਈਆਂ ਹਨ ਅਤੇ 22 ਵੀਂ ਡਿਗਰੀ ਜਾਰੀ ਹੈ।