ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਠਿੰਡਾ ਵਿੱਚ ਵੱਡੀ ਰੈਲੀ ਕੀਤੀ ਜਾਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 13 ਫ਼ਰਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਉਂਦ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਸਬੰਧੀ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਵਿੱਚ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜ਼ਮੀਨਾਂ ਉੱਪਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਰਾਹੀਂ ਵੱਡਾ ਹਮਲਾ ਕੀਤਾ ਜਾ ਰਿਹਾ ਹੈ।
ਕਿਉਂ ਹੋ ਰਿਹਾ ਵਿਰੋਧ ?
ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ, ' ਕੇਂਦਰ ਸਰਕਾਰ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਅਤੇ ਗੈਸ ਪਾਈਪ ਲਾਈਨ ਨਾਲ ਨਵੀਂ ਖੇਤੀ ਮੰਡੀ ਨੀਤੀ ਰਾਹੀਂ ਜ਼ਮੀਨਾਂ ਉੱਪਰ ਕਬਜ਼ੇ ਕਰ ਰਹੀ ਹੈ। ਇਸ ਤੋਂ ਇਲਾਵਾ, 1952 ਦੇ ਮੁਜਾਰਿਆਂ ਵੱਲੋਂ ਅਬਾਦ ਕੀਤੀਆਂ ਜ਼ਮੀਨਾਂ ਦੇ ਹੱਕ ਕਿਸਾਨਾਂ ਨੂੰ ਦਵਾਉਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਸਰਕਾਰ ਕਿਸਾਨਾਂ ਦੀਆ ਜ਼ਮੀਨਾਂ ਕਿਸੇ ਨਾ ਕਿਸੇ ਬਹਾਨੇ ਖੋਹਣ ਦੀ ਤਿਆਰੀ ਕਰ ਰਹੀਆਂ ਹਨ,ਨਵੀਂ ਖੇਤੀ ਮੰਡੀ ਡਰਾਫ਼ਟ ਨੂੰ ਲੈ ਕੇ ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਵਿਧਾਨ ਸਭਾ ਸ਼ੈਸ਼ਨ ਵਿੱਚ ਇਸ ਨੀਤੀ ਨੂੰ ਰੱਦ ਕਰੇ ਅਤੇ ਜੇਕਰ ਸਰਕਾਰ ਨੇ ਇਸ ਨੂੰ ਰੱਦ ਨਾ ਕੀਤਾ ਤਾਂ ਉਹ ਪੰਜਾਬ ਸਰਕਾਰ ਦਾ ਵੀ ਡੱਟ ਕੇ ਵਿਰੋਧ ਕਰਨਗੇ।'
![Farmer Unions](https://etvbharatimages.akamaized.net/etvbharat/prod-images/11-02-2025/pb-bnl-bkuugraha-pb10017_10022025190314_1002f_1739194394_85.jpg)
ਚੋਣਾਂ ਵਿੱਚ ਜਿੱਤ - "ਹਾਕਮਾਂ ਦੀ ਇਹ ਕੁਰਸੀ ਖੇਡ"
ਦਿੱਲੀ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਫ਼ਤਵਾ ਹੈ। ਇਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਹਾਕਮਾਂ ਦੀ ਇਹ ਕੁਰਸੀ ਵਾਲੀ ਖੇਡ ਹੈ। ਦਿੱਲੀ ਵਿੱਚ ਕਿਸੇ ਦੀ ਵੀ ਸਰਕਾਰ ਹੋਵੇ, ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਵਿਰੋਧ ਸਰਕਾਰਾਂ ਦੀਆਂ ਨੀਤੀਆਂ ਨਾਲ ਰਿਹਾ ਹੈ। ਕਿਸੇ ਵੀ ਪਾਰਟੀ ਦੀ ਸਰਕਾਰ ਨੇ ਅੱਜ ਤੱਕ ਕਿਸਾਨਾਂ ਦੇ ਪੱਖ ਦੀ ਨੀਤੀ ਨਹੀਂ ਬਣਾਈ ਹੈ। ਉਨ੍ਹਾਂ ਜਗਜੀਤ ਸਿੰਘ ਡੱਲੇਵਾਲ ਦੇ ਸੰਘਰਸ਼ ਨੂੰ ਲੈ ਕੇ ਕਿਹਾ ਕਿ ਡੱਲੇਵਾਲ ਸਾਬ੍ਹ ਨੂੰ ਮਰਨ ਵਰਤ ਖ਼ਤਮ ਕਰਕੇ ਸੰਘਰਸ਼ ਕਰਨ ਦੀ ਲੋੜ ਹੈ। ਜ਼ਮੀਨਾਂ ਦੀ ਵੱਡੀ ਲੜਾਈ ਚੱਲ ਰਹੀ ਹੈ, ਇਸ ਵਿੱਚ ਇਕਜੁੱਟ ਹੋ ਕੇ ਸੰਘਰਸ਼ ਕਰੇ ਬਿਨ੍ਹਾਂ ਗੁਜ਼ਾਰਾ ਨਹੀਂ ਹੋਣਾ ਹੈ।