ਦਰਬਾਰ ਸਾਹਿਬ ਨਤਮਸਤਕ ਸੀਐਮ ਮਾਨ ਤੇ ਰਾਜਪਾਲ ਕਟਾਰੀਆ (ETV BHARAT) ਅੰਮ੍ਰਿਤਸਰ: ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਰਿਵਾਰ ਸਣੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ। ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗੁਲਾਬ ਚੰਦ ਕਟਾਰੀਆ ਤੇ ਉਹਨਾਂ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਸ੍ਰੀ ਦਰਬਾਰ ਸਾਹਿਬ ਨਤਮਸਤਕ ਸੀਐਮ ਤੇ ਰਾਜਪਾਲ: ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੇ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅੱਜ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆ ਆਪਣੇ ਪਰਿਵਾਰ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ । ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਗੁਰੂ ਘਰ ਆਉਣ 'ਤੇ ਉਹਨਾਂ ਦਾ ਸਵਾਗਤ ਕਰਦੇ ਹਾਂ, ਅੱਜ ਉਹ ਪਰਿਵਾਰ ਨਾਲ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਜੋ ਵੀ ਅਧਿਕਾਰ ਖੇਤਰ ਨੇ ਅਸੀਂ ਉਸ ਅਧਿਕਾਰ ਖੇਤਰ ਦੇ ਅਧੀਨ ਪੰਜਾਬ ਦੇ ਭਲੇ ਲਈ ਕੰਮ ਕਰਵਾਵਾਂਗੇ।
ਪਰਿਵਾਰਾਂ ਸਮੇਤ ਟੇਕਿਆ ਮੱਥਾ:ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੈਂ ਪਰਿਵਾਰ ਦੇ ਨਾਲ ਇੱਥੇ ਮੱਥਾ ਟੇਕਣ ਆਇਆ ਹਾਂ। ਮੈਨੂੰ ਪੰਜਾਬ ਦਾ ਗਵਰਨਰ ਲਗਾਇਆ ਗਿਆ ਹੈ, ਜਿਹਦੇ ਚੱਲਦੇ ਸਭ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਦੇ ਲਈ ਪੁੱਜਿਆ ਹਾਂ। ਇਹ ਅਜਿਹੀ ਜਮੀਨ ਹੈ ਜਿੱਥੇ ਗੁਰੂਆਂ ਨੇ ਬਲਦਾਨ ਦਿੱਤਾ, ਜਿਸਦੇ ਚੱਲਦੇ ਪੰਜਾਬ ਹਮੇਸ਼ਾ ਸੁਰੱਖਿਤ ਰਿਹਾ ਹੈ।
ਸਰਬੱਤ ਦੇ ਭਲੇ ਦੀ ਅਰਦਾਸ: ਉਹਨਾਂ ਕਿਹਾ ਕਿ ਦੇਸ਼ ਦਾ ਹਰੇਕ ਵਿਅਕਤੀ ਚਾਹੁੰਦਾ ਹੈ ਕਿ ਮੈਂ ਵੀ ਦਰਬਾਰ ਸਾਹਿਬ ਆ ਕੇ ਮੱਥਾ ਟੇਕਾ। ਜਿਸ ਦੇ ਚੱਲਦੇ ਅੱਜ ਮੈਂ ਮੱਥਾ ਟੇਕ ਕੇ ਇਹ ਆਸ਼ੀਰਵਾਦ ਲਿਆ ਹੈ ਕਿ ਮੈਂ ਇਮਾਨਦਾਰੀ ਦੇ ਨਾਲ ਕੰਮ ਕਰ ਸਕਾਂ। ਉਹਨਾਂ ਕਿਹਾ ਕਿ ਜੋ ਵੀ ਮੈਨੂੰ ਗੁਰੂ ਮਹਾਰਾਜ ਨੇ ਸਿੱਖਿਆ ਦਿੱਤੀ ਹੈ ਉਹ ਮੈਂ ਵੰਡ ਸਕਾਂ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਬਣਾ ਕੇ ਰੱਖਿਆ ਜਾਵੇ। ਉਹਨਾਂ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ ਦਾ ਵਿਕਾਸ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇਗਾ। ਉਥੇ ਹੀ ਉਹਨਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਮੈਂ ਅੱਜ ਦੇ ਦਿਨ ਦੀ ਮੁਬਾਰਕਬਾਦ ਦਿੰਦਾ ਹਾਂ।