ਮੋਗਾ: ਪੰਜਾਬੀ ਨੌਜਵਾਨ ਵਿਦੇਸ਼ਾਂ ਨੂੰ ਆਪਣੇ ਸੁਫ਼ਨੇ ਪੂਰੇ ਕਰਨ ਜਾਂ ਘਰ ਦੀ ਗਰੀਬੀ ਦੂਰ ਕਰਨ ਲਈ ਜਾਂਦੇ ਹਨ। ਇਸ ਦੌਰਾਨ ਕੋਈ ਭਾਣਾ ਵਾਪਰ ਜਾਂਦਾ ਹੈ ਤੇ ਉਹ ਦੁਨੀਆ ਤੋਂ ਵੀ ਰੁਖਸਤ ਹੋ ਜਾਂਦੇ ਹਨ। ਅਜਿਹਾ ਮਾਮਲਾ ਜਾਰਜੀਆ ਤੋਂ ਸਾਹਮਣੇ ਆਇਆ। ਜਿਥੇ ਬੀਤੀ ਰਾਤ ਭਾਣਾ ਵਾਪਰਿਆ ਤੇ ਜਨਰੇਟਰ ਦੇ ਧੂੰਏਂ ਕਾਰਨ 11 ਪੰਜਾਬੀਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ।
ਜਾਰਜੀਆ ‘ਚ ਪੰਜਾਬੀ ਦੀ ਮੌਤ (ETV BHARAT ਪੱਤਰਕਾਰ ਮੋਗਾ) ਮੋਗਾ ਦੇ ਨੌਜਵਾਨ ਦੀ ਵਿਦੇਸ਼ 'ਚ ਮੌਤ
ਇਸ 'ਚ ਇੱਕ ਨੌਜਵਾਨ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾ ਦਾ ਰਹਿਣ ਵਾਲਾ ਗਗਨਦੀਪ ਸਿੰਘ ਵੀ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਰੈਸਟੋਰੈਂਟ ਦੇ ਕਮਰੇ ਵਿੱਚ ਸੌਂ ਰਹੇ ਸਨ ਤੇ ਲਾਈਟ ਨਾ ਹੋਣ ਕਾਰਨ ਜਨਰੇਟਰ ਚੱਲ ਰਿਹਾ ਸੀ ਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਜਵਾਨ ਪੁੱਤ ਦੀ ਮੌਤ ਦੇ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਤੇ ਹੁਣ ਸਰਕਾਰ ਨੂੰ ਮਦਦ ਲਈ ਪਰਿਵਾਰ ਨੇ ਗੁਹਾਰ ਲਗਾਈ ਹੈ। ਉਨ੍ਹਾਂ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਉਸ ਦੀ ਅੰਤਿਮ ਰਸਮਾਂ ਕਰ ਸਕਣ।
ਪਰਿਵਾਰ ਨੇ ਕਰਜ਼ਾ ਚੁੱਕ ਵਿਦੇਸ਼ ਭੇਜਿਆ ਸੀ ਮ੍ਰਿਤਕ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗਗਨਦੀਪ ਸਿੰਘ ਦੇ ਦਾਦਾ ਬਸੰਤ ਸਿੰਘ ਅਤੇ ਪਿਤਾ ਗੁਰਮੁੱਖ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਚਾਰ ਮਹੀਨੇ ਪਹਿਲਾਂ ਦੁਬਈ ਗਿਆ ਸੀ ਅਤੇ ਬੀਤੇ ਕੱਲ੍ਹ ਸਾਨੂੰ ਉਸ ਦੀ ਜਾਣਕਾਰੀ ਮਿਲੀ ਕਿ ਗਗਨਦੀਪ ਸਿੰਘ ਦੀ ਮੌਤ ਹੋ ਗਈ ਹੈ। ਸਾਡਾ ਪਰਿਵਾਰ ਇੱਕ ਬਹੁਤ ਹੀ ਗਰੀਬ ਪਰਿਵਾਰ ਹੈ, ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਤੇ ਕਮਾਈ ਕਰਨ ਲਈ ਗਗਨਦੀਪ ਨੂੰ ਬਾਹਰ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਚਾਰ ਤੋਂ ਪੰਜ ਲੱਖ ਦਾ ਕਰਜ਼ਾ ਚੁੱਕ ਕੇ ਉਨ੍ਹਾਂ ਗਗਨਦੀਪ ਨੂੰ ਵਿਦੇਸ਼ ਭੇਜਿਆ ਸੀ। ਮ੍ਰਿਤਕ ਦੇ ਦਾਦੇ ਤੇ ਪਿਤਾ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਗਗਨਦੀਪ ਦੀ ਮ੍ਰਿਤਕ ਦੇਹ ਨੂੰ ਪੰਜਾਬ ਲੈਕੇ ਆਉਣ ਲਈ ਸਾਡੀ ਮਦਦ ਕਰੇ ਤਾਂ ਜੋ ਅਸੀਂ ਉਸ ਦਾ ਅੰਤਿਮ ਸਸਕਾਰ ਤੇ ਰਸਮਾਂ ਕਰ ਸਕੀਏ।
ਸਰਕਾਰਾਂ ਤੋਂ ਪਰਿਵਾਰ ਵਲੋਂ ਮਦਦ ਦੀ ਗੁਹਾਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਹੀ ਰਹਿਣ ਵਾਲੇ ਗਗਨਦੀਪ ਸਿੰਘ ਦੀ ਜਾਰਜੀਆ ਵਿੱਚ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਹੈ। ਗਗਨਦੀਪ ਸਿੰਘ ਇੱਕ ਗਰੀਬ ਪਰਿਵਾਰ ਦਾ ਲੜਕਾ ਹੈ ਅਤੇ ਆਪਣਾ ਗੁਜ਼ਾਰਾ ਚਲਾਉਣ ਲਈ ਉਹ ਚਾਰ ਮਹੀਨੇ ਪਹਿਲਾਂ ਹੀ ਜਾਰਜੀਆ ਗਿਆ ਸੀ, ਜਿੱਥੇ ਉਹ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਉਸ ਨੂੰ 4 ਤੋਂ 5 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਬਹਾਰ ਭੇਜਿਆ ਸੀ ਤੇ ਘਰ ਦੇ ਹਲਾਤ ਇੰਨੇ ਮਾੜੇ ਹਨ ਕੀ ਘਰ ਦਾ ਗੁਜਾਰਾ ਵੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗਗਨਦੀਪ ਦੀ ਮ੍ਰਿਤਕ ਦੇਹ ਪੰਜਾਬ ਲੈਕੇ ਆਉਣ ਲਈ ਜ਼ਿਲ੍ਹੇ ਦੇ ਡੀਸੀ ਨਾਲ ਮੁਲਾਕਾਤ ਕਰਨਗੇ ਤਾਂ ਜੋ ਉਸ ਦੀ ਮ੍ਰਿਤਕ ਦੇਹ ਘਰ ਆ ਸਕੇ ਤੇ ਪਰਿਵਾਰ ਅੰਤਿਮ ਰਸਮਾਂ ਕਰ ਸਕੇ। ਇਸ ਦੇ ਨਾਲ ਹੀ ਉਨ੍ਹਾਂ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਵੀ ਕੀਤੀ ਹੈ।