ਸ੍ਰੀ ਮੁਕਤਸਰ ਸਾਹਿਬ: ਜਿੱਥੇ ਅੱਜ ਕੱਲ੍ਹ ਦੇ ਬੱਚੇ ਅਤੇ ਨੌਜਵਾਨ ਸੋਸ਼ਲ ਮੀਡੀਆ ਉੱਤੇ ਆਪਣੀ ਪ੍ਰੋਫਾਈਲ ਸਜਾਉਣ ਵਿੱਚ ਰੁਝੇ ਹੋਏ ਹਨ, ਉੱਥੇ ਹੀ ਤੁਹਾਨੂੰ ਅੱਜ ਅਜਿਹੀ ਕੁੜੀ ਨਾਲ ਮਿਲਵਾਉਣ ਜਾ ਰਹੇ ਹਾਂ, ਜਿਸ ਨੇ ਕਿਤਾਬ ਲਿਖ ਕੇ ਆਪਣੀ ਵੱਖਰੀ ਪ੍ਰੋਫਾਈਲ ਬਣਾਈ। ਇਹ ਪ੍ਰੋਫਾਈਲ ਨਾ ਸਿਰਫ਼ ਉਸ ਤੱਕ ਸੀਮਤ ਰਹੇਗੀ ਬਲਕਿ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੇਗੀ। ਅਸੀਂ ਗੱਲ ਕਰ ਰਹੇ ਮਿਸ਼ਕੀ ਗਾਵੜੀ ਦੀ, ਜਿਸ ਦੀ ਉਮਰ ਮਹਿਜ 14 ਸਾਲ ਹੈ ਪਰ ਉਸ ਦੀਆਂ ਗੱਲਾਂ ਵੱਡਿਆਂ ਨੂੰ ਵੀ ਸਿੱਖਿਆ ਦਿੰਦੀਆਂ ਹਨ। ਸਾਡੀ ਟੀਮ ਵੱਲੋਂ ਮਿਸ਼ਕੀ ਦੇ ਘਰ ਪਹੁੰਚ ਕੇ ਉਸ ਨਾਲ ਖਾਸ ਗੱਲਬਾਤ ਕੀਤੀ ਗਈ ਅਤੇ ਉਸ ਵੱਲੋਂ ਲਿਖੀ ਗਈ ਕਿਤਾਬ ਬਾਰੇ ਚਰਚਾ ਕੀਤੀ। ਮਿਸ਼ਕੀ ਨੇ ਦੱਸਿਆ ਆਖਿਰ ਉਸ ਨੂੰ ਕਿਤਾਬ ਲਿਖਣ ਲਈ ਕਿਵੇਂ ਪ੍ਰੇਰਨਾ ਮਿਲੀ।
ਕਿਸ ਕੰਮ ਕਰਕੇ ਮਿਸ਼ਕੀ ਦੀ ਚਰਚਾ ?
ਮਿਸ਼ਕੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਕਿਤਾਬ ਦਾ ਨਾਮ 'ਵਿਸਪਰਸ ਫਰਾਮ ਦ ਐਬੀਸ' ਹੈ। ਇਹ ਕਿਤਾਬ ਅੰਗਰੇਜ਼ੀ ਵਿੱਚ ਲਿਖੀ ਗਈ ਹੈ।
ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਅੱਜ ਕੱਲ੍ਹ ਕੋਈ ਵੀ ਕਿਤਾਬਾਂ ਵੱਲ ਧਿਆਨ ਨਹੀਂ ਦਿੰਦਾ, ਜੇਕਰ ਅੱਜ ਦੇ ਸਮੇਂ ਵਿੱਚ ਲੋਕਾਂ ਅਤੇ ਖ਼ਾਸਕਰ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ 8 ਘੰਟੇ ਅਰਾਮ ਨਾਲ ਆਨਲਾਈਨ ਸਕਰੀਨ ਟਾਈਮ ਉੱਤੇ ਬੀਤ ਜਾਂਦੇ ਹਨ। ਫਿਰ ਸੋਚਿਆ ਕਿ ਕੁਝ ਅਜਿਹਾ ਕੱਢਿਆ ਜਾਵੇ ਜਿਸ ਨਾਲ ਨੌਜਵਾਨ ਪ੍ਰੇਰਿਤ ਹੋਣ। ਇਸ ਲਈ ਇਹ ਕਿਤਾਬ ਲਿਖੀ। ਕਿਤਾਬ ਦਾ ਨਾਮ 'ਵਿਸਪਰਸ ਫਰਾਮ ਦ ਐਬੀਸ' ਹੈ, ਜਿਸ ਦਾ ਸਿੱਧਾ ਮਤਲਬ ਹੈ ਤੁਹਾਡਾ ਸਰੀਰ ਇੱਕ ਖੂਹ ਹੈ ਜਿੱਥੋ ਅਵਾਜ਼ਾਂ ਆਉਂਦੀਆਂ ਹਨ, ਉਸ ਨੂੰ ਅਸੀਂ ਖੁਦ ਹੀ ਨਹੀਂ ਸਮਝਦੇ ਅਤੇ ਲੋਕਾਂ ਅੱਗੇ ਮਖੌਟਾ ਪਾ ਕੇ ਚੱਲਦੇ ਹਾਂ।
- ਮਿਸ਼ਕੀ ਗਾਵੜੀ, ਲੇਖਿਕਾ