ਸ੍ਰੀ ਫਤਿਹਗੜ੍ਹ ਸਾਹਿਬ :ਮੰਡੀ ਗੋਬਿੰਦਗੜ੍ਹ ਵਿਖੇ ਹੋਏ ਦਰਦਨਾਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ 'ਚ ਮਰਨ ਵਾਲਿਆਂ ਵਿੱਚ 2 ਪੁਰਸ਼, ਇੱਕ ਮਹਿਲਾ ਅਤੇ ਬੱਚੀ ਸ਼ਾਮਿਲ ਸੀ। ਜੋ ਕਿ ਮਹਾਕੁੰਭ ਤੋਂ ਇਸ਼ਨਾਨ ਕਰਕੇ ਘਰ ਵਾਪਿਸ ਪਰਤ ਰਹੇ ਸਨ, ਕਿ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਹਾਦਸਾ ਵਾਪਰ ਗਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਹਨ ਅਤੇ ਲੁਧਿਆਣਾ ਦੇ ਰਹਿਣ ਵਾਲੇ ਸਨ, ਜੋ ਕਿ ਟਾਟਾ ਨੇਕਸਨ ਕਾਰ ਵਿੱਚ ਸਵਾਰ ਹੋਕੇ ਮਹਾਕੁੰਭ ਤੋਂ ਵਾਪਿਸ ਲੁਧਿਆਣਾ ਪਰਤ ਰਹੇ ਸਨ, ਜਿਵੇਂ ਹੀ ਇਹ ਕਾਰ ਮੰਡੀ ਗੋਬਿੰਦਗੜ੍ਹ ਦੇ ਗੋਲਡਨ ਹਾਈਟਸ ਦੇ ਸਾਹਮਣੇ ਪਹੁੰਚੀ ਤਾਂ ਡਰਾਈਵਰ ਨੂੰ ਨੀਂਦ ਆਉਣ ਕਾਰਨ ਤੇਜ਼ ਰਫਤਾਰ ਕਾਰ ਨੈਸ਼ਨਲ ਹਾਈਵੇ ਦੇ ਪੁੱਲ ਦੇ ਨਾਲ ਬਣੀ ਦੀਵਾਰ ਵਿੱਚ ਜਾ ਟਕਰਾਈ। ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਸਮੇਤ ਇੱਕ ਬੱਚੀ ਦੀ ਮੌਤ ਹੋ ਗਈ, ਜਦੋਂਕਿ ਇੱਕ ਮਹਿਲਾ ਗੰਭੀਰ ਰੂਪ 'ਚ ਜਖਮੀ ਹੋ ਗਈ। ਉਕਤ ਜ਼ਖਮੀ ਔਰਤ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।