ਭਾਰਤ ਭੂਸ਼ਣ ਆਸ਼ੂ ਗ੍ਰਿਫਤਾਰ (ETV BHARAT) ਲੁਧਿਆਣਾ: ਸਾਬਕਾ ਫੂਡ ਸਪਲਾਈ ਅਤੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਦੇਰ ਰਾਤ ਇਨਫੋਰਸਮੈਂਟ ਡਾਇਰੈਕਟਰੇਟ (ਈਡੀ) ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਭਾਰਤ ਭੂਸ਼ਣ ਆਸ਼ ਨੂੰ ਜਲੰਧਰ ਦਫਤਰ ਵਿਖੇ ਈਡੀ ਵੱਲੋਂ ਪੁੱਛਗਿਛ ਲਈ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਦੇਰ ਸ਼ਾਮ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਰਹੀ ਅਤੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਉਨ੍ਹਾਂ ਨੂੰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਨੀ ਲਾਂਡਰਿੰਗ ਮਾਮਲੇ ਤਹਿਤ ਗ੍ਰਿਫ਼ਤਾਰੀ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮੰਡੀਆਂ ਦੇ ਵਿੱਚ ਦਿੱਤੇ ਗਏ ਠੇਕਿਆਂ ਦੇ ਅੰਦਰ ਬੇਨਿਯਮੀਆਂ ਪਾਉਣ ਕਰਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਪਹਿਲਾਂ 30 ਲੱਖ ਰੁਪਏ ਕੈਸ਼ ਵੀ ਬਰਾਮਦ ਕੀਤਾ ਗਿਆ ਸੀ ਅਤੇ ਇਹ ਪੂਰਾ ਮਾਮਲਾ 2000 ਕਰੋੜ ਰੁਪਏ ਦੇ ਘੁਟਾਲੇ ਦਾ ਦੱਸਿਆ ਜਾ ਰਿਹਾ ਹੈ।
ਕਈ ਘੰਟਿਆਂ ਤੱਕ ਕੀਤੀ ਗਈ ਪੁੱਛਗਿਛ: ਇਸ ਤੋਂ ਪਹਿਲਾਂ ਬੀਤੇ ਦਿਨ ਟੀਮਾਂ ਵੱਲੋਂ ਲਗਾਤਾਰ ਆਸ਼ੂ ਤੋਂ ਪੂਰਾ ਦਿਨ ਪੁੱਛਗਿਛ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਦੀ ਖ਼ਬਰ ਸੁਣਦਿਆਂ ਲੁਧਿਆਣਾ ਰਿਹਾਇਸ਼ ਵਿਖੇ ਕਾਂਗਰਸੀ ਸਮਰਥਕ ਜੁਟਣੇ ਸ਼ੁਰੂ ਹੋ ਗਏ। ਜਿੰਨਾਂ ਨੇ ਦੱਸਿਆ ਕਿ ਉਹਨਾਂ ਨੂੰ ਵੀ ਹੁਣੇ ਹੀ ਜਾਣਕਾਰੀ ਮਿਲੀ ਹੈ। ਉਹਨਾਂ ਨੇ ਕਿਹਾ ਕਿ ਜੋ ਵੀ ਕਾਨੂੰਨੀ ਲੜਾਈ ਹੋਵੇਗੀ ਜ਼ਰੂਰ ਲੜੀ ਜਾਵੇਗੀ। ਇਹ ਬੇਨਿਯਮੀਆਂ ਉਸ ਵੇਲੇ ਪਾਈਆਂ ਗਈਆਂ ਸਨ, ਜਦੋਂ ਭਾਰਤ ਭੂਸ਼ਣ ਆਸ਼ੂ ਖੁਰਾਕ ਸਪਲਾਈ ਮੰਤਰੀ ਸਨ।
ਵਿਜੀਲੈਂਸ ਨੇ ਵੀ ਪਹਿਲਾਂ ਕੀਤਾ ਸੀ ਗ੍ਰਿਫ਼ਤਾਰ:ਕਾਬਿਲੇਗੌਰ ਹੈ ਕਿ ਸਾਲ 2022 ਦੇ ਵਿੱਚ ਵਿਜੀਲੈਂਸ ਵੱਲੋਂ ਵੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਲੱਗਭਗ ਅੱਠ ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਸੀ ਪਰ ਹੁਣ ਈਡੀ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਵੱਲੋਂ ਵੀ ਉਸ ਸਮੇਂ ਈਡੀ ਨੂੰ ਇਸ ਮਾਮਲੇ ਦੀ ਜਾਂਚ ਦੀ ਸਿਫਾਰਿਸ਼ ਕੀਤੀ ਗਈ ਸੀ। ਜਿਸ ਕਰਕੇ ਹੁਣ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ।