ਨਗਰ ਨਿਗਮ ਪ੍ਰਬੰਧਾਂ ਦੀ ਖੁੱਲ੍ਹੀ ਪੋਲ (ETV BHARAT) ਬਠਿੰਡਾ:ਮੌਨਸੂਨ ਦੀ ਪਹਿਲੀ ਬਰਸਾਤ ਨੇ ਨਗਰ ਨਿਗਮ ਬਠਿੰਡਾ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਵਿੱਚ ਥਾਂ-ਥਾਂ 'ਤੇ ਇਕੱਠੇ ਹੋਏ ਬਰਸਾਤ ਦੇ ਪਾਣੀ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤਾਂ ਉੱਥੇ ਹੀ ਰਾਹਗੀਰਾਂ ਦੇ ਵਾਹਨ ਪਾਣੀ ਵਿੱਚ ਬੰਦ ਹੋ ਰਹੇ ਹਨ, ਜਿਸ ਕਾਰਨ ਟਰੈਫਿਕ ਵੀ ਪ੍ਰਭਾਵਿਤ ਹੋ ਰਿਹਾ ਹੈ।
ਪਹਿਲੇ ਮੀਂਹ ਨਾਲ ਹੋਇਆ ਬੁਰਾ ਹਾਲ: ਨਗਰ ਨਿਗਮ ਬਠਿੰਡਾ ਵੱਲੋਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਕੀਤੇ ਗਏ ਪ੍ਰਬੰਧਾਂ ਤੋ ਨਾਖੁਸ਼ ਲੋਕਾਂ ਨੇ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਮੌਨਸੂਨ ਨੂੰ ਲੈ ਕੇ ਵੱਡੀ ਪੱਧਰ 'ਤੇ ਤਿਆਰੀਆਂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਸਰੇ ਪਾਸੇ ਬਠਿੰਡਾ ਵਿੱਚ ਮੌਨਸੂਨ ਦੀ ਪਹਿਲੀ ਬਰਸਾਤ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਸਾਰੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਈ-ਕਈ ਫੁੱਟ ਪਾਣੀ ਭਰਿਆ ਹੋਇਆ ਹੈ। ਲੋਕਾਂ ਵੱਲੋਂ ਇਸ ਚੀਜ਼ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਬਰਸਾਤ ਦਾ ਪਾਣੀ ਸੜਕਾਂ ਤੋਂ ਖਤਮ ਹੋਵੇ ਤੇ ਉਹ ਆਪਣੇ ਕੰਮਕਾਰ ਕਰ ਸਕਣ।
ਸ਼ਹਿਰ ਦੇ ਕਈ ਇਲਾਕਿਆਂ 'ਚ ਭਰਿਆ ਪਾਣੀ: ਬਠਿੰਡਾ ਦੇ ਮਾਲ ਰੋਡ, ਅਮਰੀਕ ਸਿੰਘ ਰੋਡ, ਸਿਰਕੀ ਬਾਜ਼ਾਰ, ਪਾਵਰ ਹਾਊਸ ਰੋਡ, ਭੱਟੀ ਰੋਡ, ਪੁਰਾਣੇ ਥਾਣੇ ਇਲਾਕੇ ਵਿੱਚ ਕਈ-ਕਈ ਫੁੱਟ ਪਾਣੀ ਜਮਾਂ ਹੋ ਗਿਆ ਹੈ, ਜੋ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤ ਦਾ ਇਹ ਪਾਣੀ ਸੀਵਰੇਜ ਦੇ ਪਾਣੀ ਨਾਲ ਮਿਕਸ ਹੋ ਕੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਵੜ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਹੋਣ ਦਾ ਵੀ ਖਦਸ਼ਾ ਪੈਦਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੌਨਸੂਨ ਦੀ ਪਹਿਲੀ ਬਰਸਾਤ ਨਾਲ ਇਹ ਹਾਲ ਹੈ ਤਾਂ ਜਦੋਂ ਲਗਾਤਾਰ ਬਾਰਿਸ਼ਾਂ ਪਈਆਂ ਤਾਂ ਪਾਣੀ ਦੀ ਨਿਕਾਸੀ ਕਿੰਝ ਹੋਵੇਗੀ ਅਤੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਜਲਦ ਪੂਰੇ ਕੀਤੇ ਜਾਣਗੇ ਅਧੂਰੇ ਪ੍ਰਬੰਧ:ਉਧਰ ਨਗਰ ਨਿਗਮ ਕਮਿਸ਼ਨਰ ਰਾਹੁਲ ਦਾ ਕਹਿਣਾ ਹੈ ਕਿ ਚੋਣ ਜ਼ਾਬਤਾ ਲੱਗੇ ਹੋਣ ਕਾਰਨ ਕੁਝ ਕਾਰਜਾਂ ਵਿੱਚ ਦੇਰੀ ਹੋਈ ਹੈ ਪਰ ਆਉਂਦੇ ਦਿਨਾਂ ਵਿੱਚ ਸੀਵਰੇਜ ਦੀ ਸਾਫ ਸਫਾਈ ਦੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਬਰਸਾਤ ਅਤੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਨਿਗਮ ਵੱਲੋਂ ਪਹਿਲਾਂ ਹੀ ਅੱਧੇ ਤੋਂ ਜ਼ਿਆਆ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ ਤੇ ਹੁਣ ਰਹਿੰਦੇ ਕੰਮ ਵੀ ਮੁਕੰਮਲ ਕਰ ਲਏ ਜਾਣਗੇ।