ਪਲਾਟ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਲੜਾਈ (ETV Bharat Barnala) ਬਰਨਾਲਾ:ਬਰਨਾਲਾ ਜ਼ਿਲ੍ਹੇ ਦੇ ਪਿੰਡ ਉਗੋਕੇ ਵਿਖੇ ਗਲੀ ਅਤੇ ਪਲਾਟ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਜੰਮ ਕੇ ਲੜਾਈ ਹੋਈ। ਜਿਸ ਵਿੱਚ ਤਿੰਨ ਜਣੇ ਜ਼ਖ਼ਮੀ ਹੋਏ ਹਨ। ਜਿਹਨਾਂ ਵਿੱਚੋਂ ਇੱਕ ਔਰਤ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਏਮਜ਼ ਬਠਿੰਡਾ ਰੈਫ਼ਰ ਕੀਤਾ ਗਿਆ ਹੈ।
ਗਲੀ ਅਤੇ ਪਲਾਟ ਦੇ ਵਿਵਾਦ ਨੂੰ ਲੈ ਕੇ ਹੋਈ ਲੜਾਈ: ਇਸ ਸਬੰਧੀ ਜ਼ਖ਼ਮੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਸਦੇ ਤਾਏ ਦਾ ਪਰਿਵਾਰ ਉਹਨਾਂ ਦੇ ਪਲਾਟ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨਾਂ ਨੇ ਸਾਡੇ ਪਰਿਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸਾਡੇ ਪਰਿਵਾਰ ਦੀਆਂ ਔਰਤਾਂ ਤੱਕ ਨੂੰ ਨਹੀਂ ਬਖ਼ਸਿਆ ਗਿਆ। ਨਲਕੇ ਦੀ ਲੋਹੇ ਦੀ ਡੰਡੀ ਨਾਲ ਲੱਤਾਂ ਅਤੇ ਢੂਹੀ ਕੁੱਟੀ ਗਈ ਹੈ। ਜਿਸ ਕਾਰਨ ਉਹ ਉਸਦੀ ਭੈਣ ਦਰਸ਼ਨਾ ਕੌਰ ਅਤੇ ਉਸਦੀ ਪਤਨੀ ਸਰਬਜੀਤ ਕੌਰ ਗੰਭੀਰ ਜ਼ਖ਼ਮੀ ਹੋਏ ਹਨ। ਉਸਤੀ ਪਤਨੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸਨੂੰ ਬਠਿੰਡਾ ਦੇ ਏਮਜ਼ ਰੈਫ਼ਰ ਕੀਤਾ ਗਿਆ ਹੈ। ਉਹਨਾਂ ਪੁਲੀਸ ਪ੍ਰਸਾਸ਼ਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਹਮਲਾ ਕਰਨ ਵਾਲਿਆਂ ਉਪਰ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਕੀ ਕਹਿੰਦੇ ਹਨ ਐਸਐਚਓ ਜਗਜੀਤ ਸਿੰਘ:ਇਸ ਸਬੰਧੀ ਥਾਣਾ ਸ਼ਹਿਣਾ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਥਾਣੇ ਅਧੀਨ ਪੈਂਦੇ ਪਿੰਡ ਉਗੋਕੇ ਵਿਖੇ ਗਲੀ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਦੀ ਲੜਾਈ ਚੱਲ ਰਹੀ ਹੈ। ਜਿਸ ਤਹਿਤ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਪੁਲਿਸ ਨੂੰ ਇਸ ਸਬੰਧੀ ਤਪਾ ਹਸਪਤਾਲ ਤੋਂ ਤਿੰਨ ਵਿਅਕਤੀਆਂ ਦੇ ਦਾਖ਼ਲ ਹੋਣ ਸਬੰਧੀ ਰਿਪੋਰਟ ਮਿਲੀ ਹੈ ਕਿ ਗੁਰਪ੍ਰਤਾਪ ਸਿੰਘ, ਸਰਬਜੀਤ ਕੌਰ ਅਤੇ ਇੱਕ ਹੋਰ ਔਰਤ ਦੇ ਸੱਟਾਂ ਲੱਗੀਆਂ ਹਨ। ਜਿਸ ਵਿੱਜੋਂ ਸਰਬਜੀਤ ਕੌਰ ਦੇ ਜਿਆਦਾ ਸੱਟਾਂ ਲੱਗਣ ਕਰਕੇ ਉਸਨੂੰ ਏਮਜ਼ ਬਠਿੰਡਾ ਰੈਫ਼ਰ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਜਖ਼ਮੀਆਂ ਦੇ ਬਿਆਨ ਲੈਣ ਹਸਪਤਾਲ ਗਏ ਹੋਏ ਹਨ। ਜ਼ਖ਼ਮੀਆਂ ਦੇ ਬਿਆਨ ਦਰਜ਼ ਕਰਨ ਉਪਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਹਨਾਂ ਦੱਸਿਆ ਕਿ ਦੋਵੇਂ ਧਿਰਾਂ ਗੁਰਪ੍ਰਤਾਪ ਸਿੰਘ ਅਤੇ ਲਖਵੀਰ ਸਿੰਘ ਦਾ ਗਲੀ ਅਤੇ ਪਲਾਟ ਦਾ ਵਿਵਾਦ ਚੱਲ ਰਿਹਾ ਹੈ। ਇਸੇ ਮਾਮਲੇ ਨੂੰ ਲੈ ਕੇ ਲਖਵੀਰ ਸਿੰਘ ਵਿਰੁੱਧ ਪਹਿਲਾਂ 7/51 ਦਾ ਕੇਸ ਵੀ ਦਰਜ਼ ਹੈ। ਉਥੇ ਨਾਲ ਹੀ ਵਾਇਰਲ ਵੀਡੀਓ ਵਿੱਚ ਘਟਨਾ ਦੌਰਾਨ ਹਾਜ਼ਰ ਦਿਖਾਈ ਦੇ ਰਹੇ ਪੁਲਿਸ ਮੁਲਾਜ਼ਮਾਂ ਸਬੰਧੀ ਐਸਐਚਓ ਜਗਜੀਤ ਸਿੰਘ ਨੇ ਕਿਹਾ ਕਿ ਪੁਲਿਸ ਦੇ ਹੈਲਪ ਲਾਈਨ ਨੰਬਰ 100 ਤੇ ਕਾਲ ਗਈ ਸੀ ਅਤੇ 100 ਨੰਬਰ ਕਾਲ ਵਾਲੀ ਪੁਲਿਸ ਟੀਮ ਮੌਕੇ ਉਪਰ ਗਈ ਸੀ। ਇਸ ਸਬੰਧੀ ਵਾਇਰਲ ਵੀਡੀਓ ਦੇ ਆਧਾਾਰ ਤੇ ਵੀ ਜਾਂਚ ਕੀਤੀ ਜਾਵੇਗੀ।