ਪੁਲਿਸ ਅਤੇ ਕਿਸਾਨਾਂ ਵਿਚਾਲੇ ਧੱਕਾ-ਮੁੱਕੀ ਬਠਿੰਡਾ:2024 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਅਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਭਾਜਪਾ ਦੇ ਸਮਾਗਮਾਂ ਦਾ ਸ਼ਾਂਤਮਈ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬਠਿੰਡਾ ਦੇ ਕਸਬਾ ਸੰਗਤ ਵਿਖੇ ਭਾਜਪਾ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਸੀ ਜਿਸ ਦਾ ਸ਼ਾਂਤਮਈ ਵਿਰੋਧ ਕਰਨ ਲਈ ਕਿਸਾਨਾਂ ਵੱਲੋਂ ਸੰਗਤ ਮੰਡੀ ਵੱਲ ਕੂਚ ਕੀਤਾ ਗਿਆ ਪਰ ਇਸ ਦੌਰਾਨ ਪੁਲਿਸ ਵੱਲੋਂ ਬੈਰੀਕੇਡਿਗ ਕਰਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਲਗਾਤਾਰ ਕਿਸਾਨਾਂ ਨਾਲ ਧੋਖਾਧੜੀ: ਇਸ ਕੋਸ਼ਿਸ਼ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਧੱਕਾ ਮੁੱਕੀ ਹੋਈ ਅਤੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਭਾਜਪਾ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਕੁਲਵੰਤ ਸ਼ਰਮਾ ਨੇ ਕਿਹਾ ਕਿ ਭਾਜਪਾ ਵੱਲੋਂ ਲਗਾਤਾਰ ਕਿਸਾਨਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਅਤੇ ਨਾ ਹੀ ਲਖਮੀਰਪੁਰ ਖੀਰੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਗਈ।
ਪੰਜਾਬ ਸਰਕਾਰ ਅਤੇ ਭਾਜਪਾ ਨੂੰ ਚਿਤਾਵਨੀ:ਜਿਸ ਕਰਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਉਹਨਾਂ ਵੱਲੋਂ ਭਾਜਪਾ ਦੇ ਸਮਾਗਮਾਂ ਦਾ ਸ਼ਾਂਤਮਈ ਵਿਰੋਧ ਕੀਤਾ ਜਾ ਰਿਹਾ ਹੈ ਪਰ ਭਗਵੰਤ ਮਾਨ ਸਰਕਾਰ ਵੱਲੋਂ ਪੁਲਿਸ ਰਾਹੀਂ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤੋਂ ਸਾਫ ਜਾਹਿਰ ਹੈ ਕਿ ਭਗਵੰਤ ਮਾਨ ਸਰਕਾਰ ਬੀਜੇਪੀ ਨਾਲ ਰਲੀ ਹੋਈ ਹੈ ਅਤੇ ਕਿਸਾਨਾਂ ਉੱਤੇ ਤਸ਼ੱਦਦ ਢਾਅ ਰਹੀ ਹੈ ਪਰ ਇਸ ਦਾ ਨਤੀਜਾ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਭਗਵੰਤ ਮਾਨ ਸਰਕਾਰ ਨੂੰ ਭੁਗਤਣਾ ਪਵੇਗਾ
ਦੱਸ ਦਈਏ ਬੀਤੇ ਦਿਨ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਵੱਲੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਉੱਤੇ ਬੋਲਦਿਆਂ ਕਿਹਾ ਗਿਆ ਕਿ ਪੰਜ ਫਸਲਾਂ ਜੋ ਪੰਜਾਬ ਦੇ ਵਿੱਚ ਹੁੰਦੀਆਂ ਹਨ ਉਹਨਾਂ ਉੱਤੇ ਐਮਐਸਪੀ ਦੇਣ ਨੂੰ ਭਾਜਪਾ ਤਿਆਰ ਹੈ ਅਤੇ ਸਾਡੇ ਮੰਤਰੀ ਕਈ ਵਾਰ ਇਸ ਮਸਲੇ ਉੱਤੇ ਕਿਸਾਨਾਂ ਨਾਲ ਮੀਟਿੰਗਾਂ ਵੀ ਕਰ ਚੁੱਕੇ ਹਨ ਪਰ ਹਰ ਵਾਰ ਕਿਸਾਨਾਂ ਜਥੇਬੰਦੀਆਂ ਵੱਲੋਂ ਕੋਈ ਨਾ ਕੋਈ ਰੇੜਕਾ ਪਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਮਸਲੇ ਦਾ ਹੱਲ ਸਿਰਫ ਵਿਰੋਧ ਕਰਨ ਜਾਂ ਰਾਹ ਡੱਕਣ ਨਾਲ ਨਹੀਂ ਹੋ ਸਕਦਾ ਕਿਉਂਕਿ ਹਰ ਛੋਟੇ-ਵੱਡੇ ਮਸਲੇ ਦਾ ਹੱਲ ਅਖਾਰ ਵਿੱਚ ਟੇਬਲ ਟਾਕ ਰਾਹੀਂ ਹੀ ਹੋ ਸਕਦਾ ਹੈ।