ਕਿਸਾਨਾਂ ਅਤੇ ਵਪਾਰੀਆਂ 'ਚ ਖੜਕੀ (ਬਰਨਾਲਾ ਰਿਪੋਟਰ) ਬਰਨਾਲਾ: ਜ਼ਿਲ੍ਹਾ ਬਰਨਾਲਾ ਵਿਖੇ ਕਿਸਾਨਾਂ ਅਤੇ ਵਪਾਰੀਆਂ ਵਿੱਚ ਤਿੱਖੀ ਝੜਪ ਹੋ ਗਈ। ਕਿਸਾਨਾਂ ਵੱਲੋਂ ਵਪਾਰੀਆਂ ਉਪਰ ਡਾਂਗਾਂ ਵਰ੍ਹਾਈਆਂ ਗਈਆਂ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਭਾਰੀ ਪੁਲਿਸ ਫ਼ੋਰਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ। ਪਿਛਲੇ ਕੁੱਝ ਸਮੇਂ ਤੋਂ ਇੱਕ ਇਮੀਗ੍ਰੇਸ਼ਨ ਦਾ ਕੰਮ ਕਰਦੇ ਵਪਾਰੀ ਵਿਰੁੱਧ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ।
ਕਿਸਾਨ ਯੂਨੀਅਨ ਵੱਲੋਂ ਇਮੀਗ੍ਰੇਸ਼ਨ ਵਪਾਰੀ ਉਪਰ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ਉਪਰ ਠੱਗੀ ਮਾਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਇਮੀ੍ਗ੍ਰੇਸ਼ਨ ਵਪਾਰੀ ਤੋਂ ਨੌਜਵਾਨ ਦੇ ਵਿਦੇਸ਼ ਜਾਣ ਲਈ ਖ਼ਰਚ ਹੋਏ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਵਪਾਰੀ ਦੀ ਦੁਕਾਨ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸਦੇ ਵਿਰੋਧ ਵਿੱਚ ਵਪਾਰੀਆਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦੇ ਬਰਾਬਰ ਰੋਸ ਪ੍ਰਦਰਸ਼ਨ ਕੀਤਾ।
ਸਵੇਰ ਸਮੇਂ ਤੋਂ ਕਿਸਾਨਾਂ ਅਤੇ ਵਪਾਰੀਆਂ ਵਲੋਂ ਇੱਕ ਦੂਜੇ ਵਿਰੁੱਧ ਸਪੀਕਰ ਲਗਾ ਕੇ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਪੁਲਿਸ ਅਧਿਕਾਰੀ ਵੀ ਇਸ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸਿ਼ਸ਼ ਕਰਦੇ ਆ ਰਹੇ ਸਨ ਪਰ ਬਾਅਦ ਦੁਪਹਿਰ ਮਾਹੌਲ ਹੋਰ ਤਣਾਅਪੂਰਨ ਹੋ ਗਿਆ ਅਤੇ ਵਪਾਰੀਆਂ ਅਤੇ ਕਿਸਾਨਾਂ ਵਿੱਚ ਖੜਕ ਗਈ। ਜਿਸ ਤੋਂ ਬਾਅਦ ਕਿਸਾਨਾਂ ਨੇ ਵਪਾਰੀਆਂ ਨੂੰ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਵਾਰ ਤਾਂ ਪੁਲਿਸ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ ਹੈ ਅਤੇ ਦੋਵੇਂ ਧਿਰਾਂ ਦੇ ਨੁਮਾਇੰਦਿਆਂ ਨੁੰ ਲੈ ਕੇ ਮਾਮਲਾ ਸੁਲਝਾਉਣ ਲਈ ਮੀਟਿੰਗ ਚੱਲ ਰਹੀ ਹੈ।
ਇਸ ਸਬੰਧੀ ਵਪਾਰ ਮੰਡਲ ਬਰਨਾਲਾ ਦੇ ਵਪਾਰੀਆਂ ਨੇ ਕਿਹਾ ਕਿ ਕਿਸਾਨ ਯੂਨੀਅਨ ਵੱਲੋਂ ਸਾਡੇ ਇੱਕ ਇਮੀਗ੍ਰੇਸ਼ਨ ਦਾ ਕੰਮ ਕਰਦੇ ਵਪਾਰੀ ਸਾਥੀ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਨੌਜਵਾਨ ਨੂੰ ਇੰਗਲੈਂਡ ਭੇਜਿਆ ਗਿਆ ਸੀ। ਜਿੱਥੇ ਨੌਜਵਾਨ ਦਾ ਦਿਲ ਨਹੀਂ ਲੱਗਿਆ। ਜਿਸ ਤੋਂ ਬਾਅਦ ਉਸਦਾ ਪਰਿਵਾਰ ਅਤੇ ਯੂਨੀਅਨ ਵਾਲੇ ਇਮੀਗ੍ਰੇਸ਼ਨ ਮਾਲਕ ਤੋਂ 22 ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਜਦਕਿ ਇੰਗਲੈਂਡ ਭੇਜਿਆ ਨੌਜਵਾਨ ਅਜੇ ਉਥੇ ਹੀ ਕੰਮ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਇਸਦੇ ਚੱਲਦਿਆਂ ਅੱਜ ਕਿਸਾਨ ਯੂਨੀਅਨ ਵਾਲਿਆਂ ਨੇ ਇਮੀਗ੍ਰੇਸ਼ਨ ਵਪਾਰੀ ਦੀ ਦੁਕਾਨ ਅੱਗੇ ਧਰਨਾ ਲਗਾ ਦਿੱਤਾ। ਜਿਸਦੇ ਵਿਰੋਧ ਵਿੱਚ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਵਿਰੁੱਧ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਦੁਪਹਿਰ ਤੋਂ ਬਾਅਦ ਕਿਸਾਨ ਯੂਨੀਅਨ ਵਾਲੇ ਦੁਕਾਨ ਸਾਹਮਣੇ ਟੈਂਟ ਲਗਾ ਰਹੇ ਸਨ ਅਤੇ ਵਪਾਰੀ ਮੰਡਲ ਦੇ ਅਹੁਦੇਦਾਰਾਂ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਕਿਸਾਨਾਂ ਨੇ ਸਾਡੇ ਲਾਠੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਕਿਹਾ ਕਿ ਇਹ ਗੁੰਡਾਗਰਦੀ ਹੈ। ਕਿਸਾਨਾਂ ਅਤੇ ਵਪਾਰੀਆਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਪਰ ਇਸ ਤਰ੍ਹਾਂ ਸ਼ਰ੍ਹੇਆਮ ਵਪਾਰੀਆਂ ਨੂੰ ਲਾਠੀਆਂ ਨਾਲ ਕੁੱਟਣਾ ਧੱਕਾ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।