ਹੈਦਰਾਬਾਦ ਡੈਸਕ:ਫਰਵਰੀ ਤੋਂ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਧਰਨਾ ਲਗਾਤਾਰ ਜਾਰੀ ਹੈ। ਇਸ ਧਰਨੇ ਨੂੰ ਸਿਖਰਾਂ 'ਤੇ ਪਹੁੰਚਾਉਣ ਲਈ ਹੁਣ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚੇ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਇੱਕ ਪੱਤਰ ਲਿਖ ਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਇਸ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਲਈ ਏਕਤਾ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਤੋਂ ਕਿਸਾਨੀ ਮੰਗਾਂ ਮਨਵਾਉਣ ਲਈ ਇਕਮੁੱਠਤਾ ਤੇ ਇਕਜੁੱਟਤਾ ਬੇਹੱਦ ਜ਼ਰੂਰੀ ਹੈ।
ਏਕਤਾ ਦਾ ਸੱਦਾ
ਐਤਵਾਰ ਨੂੰ ਇੱਥੇ ਸ਼ੰਭੂ ਬਾਰਡਰ ‘ਤੇ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਰੀ ਕੀਤੇ ਗਏ ਇਸ ਪੱਤਰ ਵਿੱਚ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਵੱਲੋਂ ਤਾਂ 10 ਮਹੀਨੇ ਪਹਿਲਾਂ ਇਹ ਕਿਸਾਨ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਵੀ ਸਮੂਹ ਜਥੇਬੰਦੀਆਂ ਦਰਮਿਆਨ ਏਕਤਾ ਦੇ ਜਤਨ ਜੁਟਾਏ ਸਨ। ਉਨ੍ਹਾਂ ਕਿਹਾ ਕਿ ਭਾਵੇਂ ਉਹ ਯਤਨ ਨੇਪਰੇ ਨਹੀਂ ਸਨ ਚੜ੍ਹੇ ਪਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ 12 ਮੰਗਾਂ ਦੀ ਪੂਰਤੀ ਨੂੰ ਲੈ ਕੇ ਕੀਤੇ ਜਾ ਰਹੇ ਇਸ ਸੰਘਰਸ਼ ਦੀ ਚੜ੍ਹਦੀ ਕਲਾ ਲਈ ਸਮੁੱਚੀ ਏਕਤਾ ਸਬੰਧੀ ਯਤਨ ਜਾਰੀ ਰੱਖਦਿਆਂ ਉਹ ਮੁੜ ਸੰਯੁਕਤ ਕਿਸਾਨ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਨੂੰ ਏਕਤਾ ਦਾ ਸੱਦਾ ਦਿੰਦੇ ਹਨ।
ਕਦੋਂ ਲਿਖਿਆ ਸੀ ਪੱਤਰ
ਸਮੂਹ ਜੱਥੇਬੰਦੀਆਂ ਨੂੰ ਸੱਦ ਦੇਣਾ ਆਪਣੇ ਆਪ ਵਿੱਚ ਵੱਡੀ ਖ਼ਬਰ ਹੈ, ਉਥੇ ਹੀ 10 ਮਹੀਨਿਆਂ ਤੋਂ ਹਕੂਮਤ ਨਾਲ ਲੜਦੇ ਆ ਰਹੇ ਸਰਵਣ ਸਿੰਘ ਪੰਧੇਰ ਵੱਲੋਂ ਕਿਸਾਨ ਏਕੇ ਲਈ ਪਹਿਲ ਕਦਮੀ ਕਰ ਕੇ ਖੁਲ੍ਹਦਿਲੀ ਦਿਖਾਉਣਾ ਵੀ ਆਪਣੇ ਆਪ ਵਿਚ ਬਹੁਤ ਅਹਿਮ ਗੱਲ ਹੈ। ਦੱਸਣਯੋਗ ਹੈ ਕਿ ਸਰਵਣ ਸਿੰਘ ਪੰਧੇਰ ਵੱਲੋਂ ਐਸਕੇਐਮ ਨੂੰ ਇਹ ਪੱਤਰ 12 ਦਸੰਬਰ ਨੂੰ ਲਿਖਿਆ ਗਿਆ ਸੀ, ਜੋ ਮੀਡੀਆ ਲਈ ਜਾਰੀ ਅੱਜ ਕੀਤਾ ਗਿਆ ਹੈ।
ਗੁਰਨਾਮ ਸਿੰਘ ਚੜੂਨੀ ਦੀ ਡੱਲੇਵਾਲ ਨਾਲ ਮੁਲਾਕਾਤ
ਕਾਬੇਲਜ਼ਿਕਰ ਹੈ ਕਿ ਅੱਜ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਵੱਲੋਂ ਮਰਨ ਵਰਤ 'ਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਆਖਿਆ ਕਿ ਹੁਣ ਸਭ ਨੂੰ ਇਕੱਠਾ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਮੋਰਚਾ ਲਗਾਇਆ ਗਿਆ ਹੈ।
ਖਾਪ ਪੰਚਾਇਤਾਂ ਨੇ ਚਰਖੀ ਦਾਦਰੀ ਵਿੱਚ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ
ਖਾਪ ਪੰਚਾਇਤਾਂ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਤੱਕ ਮਾਰਚ ਕਰਨ ਲਈ ਤਿਆਰ ਹਨ। ਫੋਗਟ ਖਾਪ ਨੇ ਪੰਚਾਇਤ ਕਰ ਕੇ ਕਿਸਾਨਾਂ ਦੇ ਹੱਕ ਵਿੱਚ ਆਉਣ ਦਾ ਫੈਸਲਾ ਕੀਤਾ ਹੈ। ਨਵ-ਨਿਯੁਕਤ ਪ੍ਰਧਾਨ ਸੁਰੇਸ਼ ਫੋਗਾਟ ਨੇ ਸਵਾਮੀ ਦਿਆਲ ਧਾਮ ਵਿਖੇ ਪੰਚਾਇਤ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੁਝ ਅਣਸੁਖਾਵਾਂ ਹੋਇਆ ਤਾਂ ਸਰਕਾਰ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੀ ਉਡੀਕ ਕਰ ਰਹੇ ਹਾਂ। ਕਾਲ ਆਉਣ ਦੇ ਨਾਲ ਹੀ ਯਾਤਰਾ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਸਮੇਂ ਸਿਰ ਪੂਰਾ ਕਰੇ।