BJP SC ਵਿੰਗ ਦੇ ਐਲਾਨ ਤੋਂ ਬਾਅਦ ਹਰਕਤ 'ਚ ਆਇਆ ਪ੍ਰਸ਼ਾਸ਼ਨ ਫ਼ਰੀਦਕੋਟ:ਪੂਰੇ ਪੰਜਾਬ ਵਿੱਚ ਲਗਾਤਾਰ BJP ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਵੀ ਕਿਸਾਨਾਂ ਵੱਲੋਂ ਲਗਾਤਾਰ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਪਿਛਲੇ ਦਿਨ ਵੀ ਹੰਸਰਾਜ ਫ਼ਰੀਦਕੋਟ ਪਹੁੰਚੇ, ਤਾਂ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਹੋਇਆ। ਇਸ ਕਾਰਨ ਕਿਸਾਨ ਅਤੇ ਫਰੀਦਕੋਟ ਪੁਲਿਸ ਆਮੋ ਸਾਹਮਣੇ ਨਜ਼ਰ ਆਈ ਜਿਸ ਤੋਂ ਬਾਅਦ ਹੁਣ BJP ਦੇ ਐਸਸੀ ਭਾਈਚਾਰੇ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ ਜੇਕਰ ਕਿਸਾਨ ਵਿਰੋਧ ਕਰਦੇ ਹਨ ਤਾਂ ਉਹ ਵੀ ਉਨ੍ਹਾਂ ਵਲੋਂ ਵੀ ਕਿਸਾਨਾਂ ਦਾ ਵਿਰੋਧ ਕੀਤਾ ਜਾਵੇਗਾ।
ਜਾਰੀ ਰਹੇਗਾ ਪ੍ਰਦਰਸ਼ਨ ਅਤੇ ਭਾਜਪਾ ਤੋਂ ਸਵਾਲ:ਫ਼ਰੀਦਕੋਟ ਪੁਲਿਸ ਵੱਲੋਂ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਨਾਲ ਅੱਜ ਮੀਟਿੰਗ ਰੱਖੀ ਗਈ ਜਿਸ ਵਿੱਚ ਗੱਲਬਾਤ ਕੀਤੀ ਗਈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਪ੍ਰਦਰਸ਼ਨ ਕਰਨਾ ਹੈ, ਤਾਂ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਿਉ ਬੁਲਾਈ ਗਈ ਮੀਟਿੰਗ: ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਕਿਸਾਨ ਏਕਤਾ ਸਿੱਧੂਪੁਰਾ ਦੇ ਇੰਦਰਜੀਤ ਸਿੰਘ ਘਣੀਆ ਨੇ ਕਿਹਾ ਕਿ ਬੀਜੇਪੀ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦਿਆਂ ਅੱਜ ਐਸਐਸਪੀ ਫ਼ਰੀਦਕੋਟ ਵੱਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਅਤੇ ਸ਼ਾਂਤਮਈ ਤਰੀਕੇ ਨਾਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਪ੍ਰਦਰਸ਼ਨ ਉਸੇ ਤਰ੍ਹਾਂ ਜਾਰੀ ਰਹੇਗਾ, ਪਰ ਉਹ ਜਾਬਤੇ ਦੇ ਵਿੱਚ ਰਹਿ ਕੇ ਬੀਜੇਪੀ ਨੂੰ ਸਵਾਲ ਕਰਨਗੇ।
ਪੁਲਿਸ ਪ੍ਰਸ਼ਾਸਨ ਨੇ ਕੀ ਕਿਹਾ :ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਫ਼ਰੀਦਕੋਟ ਇਕਬਾਲ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੇ ਆਗੂਆਂ ਨਾਲ ਮੀਟਿੰਗ ਹੋਈ ਹੈ ਜਿਸ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਉਮੀਦਵਾਰ ਦਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਵਿਰੋਧ ਕਰਨ ਨਹੀਂ, ਤਾਂ ਫ਼ਰੀਦਕੋਟ ਪੁਲਿਸ ਨੂੰ ਕਾਨੂੰਨੀ ਕਾਰਵਾਈ ਕਰਨੀ ਪੈ ਸਕਦੀ ਹੈ ਜਿਸ ਉੱਤੇ ਜਥੇਬੰਦੀਆਂ ਨੇ ਭਰੋਸਾ ਜਤਾਇਆ ਹੈ।