ਬਠਿੰਡਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਵਿੱਚ ਹੋ ਰਹੀਆਂ ਜ਼ਿਮਨੀ ਦੌਰਾਨ ਬਰਨਾਲਾ ਤੇ ਗਿੱਦੜਬਾਹਾ ਸ਼ਹਿਰਾਂ ਵਿੱਚ 16 ਨਵੰਬਰ ਨੂੰ ਵਿਸ਼ਾਲ ਫਲੈਗ ਮਾਰਚ ਕਰਕੇ ਲੋਕਾਂ ਨੂੰ ਚੋਣ ਮੈਦਾਨ 'ਚ ਉਤਰੀਆਂ ਸਾਰੀਆਂ ਪਾਰਟੀਆਂ ਤੋਂ ਝਾਕ ਮੁਕਾ ਕੇ ਸੰਘਰਸ਼ਾਂ ਦਾ ਰਾਹ ਬੁਲੰਦ ਕਰਨ ਦਾ ਸੱਦਾ ਦਿੱਤਾ ਜਾਵੇਗਾ। ਇਹ ਐਲਾਨ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ।
ਕਿਸਾਨ ਆਗੂਆਂ ਨੇ ਬੀਜੇਪੀ ਅਤੇ 'ਆਪ' ਸਰਕਾਰ ਦੀ ਕੀਤੀ ਨਿਖੇਧੀ (ETV Bharat (ਪੱਤਰਕਾਰ , ਬਠਿੰਡਾ)) ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ 'ਤੇ ਪੈ ਰਹੇ ਤਬਾਹਕੁੰਨ ਅਸਰ
ਬੀਕੇਯੂ ਏਕਤਾ ਉਗਰਾਹਾਂ ਦੇ ਕਿਸਾਨ ਆਗੂਆਂ ਨੇ ਆਖਿਆ ਕਿ ਇਨ੍ਹਾਂ ਮਾਰਚਾਂ ਦੌਰਾਨ ਇੱਕ ਹੱਥ ਪਰਚਾ ਵੱਡੀ ਪੱਧਰ 'ਤੇ ਵੰਡ ਕੇ ਬੀਜੇਪੀ ਅਤੇ 'ਆਪ' ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਹਨ। ਲੋਕ ਮਾਰੂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ 'ਤੇ ਪੈ ਰਹੇ ਤਬਾਹਕੁੰਨ ਅਸਰਾਂ ਨੂੰ ਠੋਸ ਰੂਪ ਵਿੱਚ ਤੱਥਾਂ ਸਾਹਿਤ ਉਜਾਗਰ ਕੀਤਾ ਜਾਵੇਗਾ। ਉਨ੍ਹਾਂ ਨੇ ਵੋਟਾਂ ਮੰਗਣ ਆਉਂਦੇ ਬੀਜੇਪੀ ਤੇ 'ਆਪ' ਦੇ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਉਭਾਰਿਆ ਜਾਵੇਗਾ।
ਕਿਸ਼ਾਨਾਂ ਦੀ ਫਸਲ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ
ਕਿਸਾਨ ਆਗੂਆਂ ਨੇ ਆਖਿਆ ਬੀਜੇਪੀ ਤੇ 'ਆਪ' ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੀ ਬਦੌਲਤ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਅਤੇ ਛੋਟੇ ਵਾਪਰੀਆਂ ਤੇ ਹੋਰ ਕਾਰੋਬਾਰੀਆਂ ਦਾ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਆਦਿ ਪੱਖਾਂ ਤੋਂ ਘਾਣ ਹੋਇਆ ਹੈ ਅਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਵਾਰੇ ਨਿਆਰੇ ਹੋਏ ਹਨ। ਉਨ੍ਹਾਂ ਨੇ ਆਖਿਆ ਕਿ ਇਨ੍ਹਾਂ ਨੀਤੀਆਂ ਤਹਿਤ ਹੀ ਇਸ ਵਾਰ ਕਿਸ਼ਾਨਾਂ ਦੀ ਧੀਆਂ, ਪੁੱਤਾਂ ਵਾਂਗੂ ਪਾਲੀ ਫਸਲ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਨੀਤੀਆਂ ਤਹਿਤ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਿਰਵੇ ਕੀਤਾ ਜਾ ਰਿਹਾ ਹੈ, ਮਜ਼ਦੂਰਾਂ ਦੇ ਰੁਜ਼ਗਾਰ ਦਾ ਉਜਾੜਾ ਹੋ ਰਿਹਾ ਹੈ, ਸ਼ਹਿਰੀ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਦੇ ਧੰਦੇ ਚੌਪਟ ਹੋ ਰਹੇ ਹਨ।
ਪਰਚੂਨ ਵਪਾਰ ਤੇ ਛੋਟੇ ਦੁਕਾਨਦਾਰਾਂ ਦਾ ਖਾਤਮਾ
ਕਿਸਾਨ ਆਗੂਆਂ ਨੇ ਦੱਸਿਆ ਕਿ ਬੀਜੇਪੀ ਦੇ ਪਿਛਲੇ 10 ਸਾਲਾਂ ਦੇ ਰਾਜ ਵਿੱਚ ਪਰਚੂਨ ਵਪਾਰ ਦੇ ਖੇਤਰ ਵਿੱਚ ਦਿਓ ਕੱਦ ਅਮਰੀਕੀ ਕੰਪਨੀਆਂ ਐਮਾਜ਼ੋਨ , ਫਿਲਿਪਕਾਰਟ ਅਤੇ ਭਾਰਤੀ ਮੂਲ ਦੀਆਂ ਦਿਓ ਕੱਦ ਕੰਪਨੀਆਂ ਡੀ ਮਾਰਟ ਅਤੇ ਰਿਲਾਇੰਸ ਦੀ ਜੀਓ ਆਦਿ ਵੱਲੋਂ ਪਰਚੂਨ ਵਪਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਈ-ਵਪਾਰ ਅਤੇ ਕਿਊ-ਵਪਾਰ ਦੇ ਪੈ ਰਹੇ ਮਾੜੇ ਅਸਰਾਂ ਬਾਰੇ ਕੇਂਦਰ ਸਰਕਾਰ ਦੇ ਵਪਾਰ ਅਤੇ ਸਨਅਤ ਮੰਤਰੀ ਸ੍ਰੀ ਪਿਊਸ਼ ਗੋਇਲ ਨੇ ਖੁਦ ਮੰਨਿਆ ਕਿ "ਜਿਸ ਤੇਜੀ ਨਾਲ ਇਹ ਵਪਾਰ ਵਧ ਰਿਹਾ ਹੈ ਆਉਂਦੇ ਦਸ ਸਾਲਾਂ ਚ ਇਸ ਨਾਲ 10 ਕਰੋੜ ਭਾਰਤੀ ਪਰਚੂਨ ਵਪਾਰ ਤੇ ਛੋਟੇ ਦੁਕਾਨਦਾਰਾਂ ਦਾ ਖਾਤਮਾ ਹੋ ਜਾਵੇਗਾ "।
ਕੰਪਨੀਆਂ ਛੋਟੇ ਵਾਪਰੀਆਂ ਤੇ ਕਾਰੋਬਾਰੀਆਂ ਨੂੰ ਤਬਾਹ ਕਰ ਰਹੀਆਂ
ਕਿਸਾਨ ਆਗੂਆਂ ਨੇ ਆਖਿਆ ਕਿ ਐਮਾਜ਼ੋਨ ਅਮਰੀਕੀ ਕੰਪਨੀ ਹੈ ਜਿਸ ਦਾ ਕਾਰੋਬਾਰ ਦੁਨੀਆਂ ਦੇ 21 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਅਤੇ ਜਿਸਦਾ ਸਾਲ 2024 ਦੀ ਤੀਜੀ ਤਿਮਾਹੀ ਦਾ ਮੁਨਾਫਾ 17.4 ਅਰਬ ਅਮਰੀਕੀ ਡਾਲਰ (1,46,160 ਕਰੋੜ ਰੁਪਏ) ਬਣਦਾ ਹੈ। ਇਉਂ ਹੀ ਫਿਲਿਪਕਾਰਟ ਵੱਲੋਂ ਈ - ਵਪਾਰ ਦੇ ਖੇਤਰ ਵਿੱਚ ਦੁਨੀਆ ਭਰ ਵਿੱਚੋਂ ਤੀਜੇ ਨੰਬਰ ਦੀ ਕੰਪਨੀ ਹੈ ਜਿਸ ਵੱਲੋਂ 1 ਸਤੰਬਰ 2024 ਤੋਂ 28 ਅਕਤੂਬਰ ਤੱਕ ਦੇ ਦਿਨਾਂ ਵਿੱਚ ਹੀ 720 ਕਰੋੜ ਗਾਹਕਾਂ ਨੂੰ ਆਵਦਾ ਸਮਾਨ ਵੇਚਿਆ ਗਿਆ। ਉਨ੍ਹਾਂ ਨੇ ਆਖਿਆ ਕਿ ਆਪਣੇ ਅਜਿਹੇ ਅਮਲਾਂ ਰਾਹੀਂ ਇਹ ਦੇਸੀ ਵਿਦੇਸ਼ੀ ਦਿਓ ਕੱਦ ਕੰਪਨੀਆਂ ਛੋਟੇ ਵਾਪਰੀਆਂ ਤੇ ਕਾਰੋਬਾਰੀਆਂ ਨੂੰ ਤਬਾਹ ਕਰ ਰਹੀਆਂ ਹਨ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 16 ਨਵੰਬਰ ਨੂੰ ਗਿੱਦੜਬਾਹਾ ਤੇ ਬਰਨਾਲਾ ਵਿਖੇ ਕੀਤੇ ਜਾ ਰਹੇ ਮਾਰਚਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ।