ਪੰਜਾਬ

punjab

ETV Bharat / state

ਕਿਸਾਨ ਆਗੂ ਲੱਖੋਵਾਲ ਦਾ ਬਿਆਨ, ਜੇਕਰ ਡੱਲੇਵਾਲ ਨੂੰ ਕੁਝ ਹੋਇਆ ਤਾਂ ਕੇਂਦਰ ਸਰਕਾਰ ਹੋਵੇਗੀ ਜਿੰਮੇਵਾਰ - BKU LAKHOWAL MEETING

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮੀਟਿੰਗ ਕੀਤੀ ਗਈ, ਜਿਸ 'ਚ ਉਨ੍ਹਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ।

BKU LAKHOWAL MEETING
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ (Etv Bharat (ਲੁਧਿਆਣਾ, ਪੱਤਰਕਾਰ))

By ETV Bharat Punjabi Team

Published : Dec 10, 2024, 7:56 PM IST

ਲੁਧਿਆਣਾ:ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅੱਜ ਮਹੀਨੇਵਾਰ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਕਿਸਾਨ ਅੱਜ ਸੜਕਾਂ 'ਤੇ ਹਨ। ਉਹਨਾਂ ਕਿਹਾ ਕਿ ਨਾ ਹੀ ਝੋਨਾ ਪੰਜਾਬ ਸਰਕਾਰ ਦੀ ਗਲਤੀਆਂ ਕਰਕੇ ਨਹੀਂ ਚੁੱਕਿਆ ਗਿਆ। ਜੋ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਹਨ, ਉਨ੍ਹਾਂ ਦੇ ਨਾਮ ਲਾਲ ਐਂਟਰੀ ਕੀਤੀਆਂ। ਇਸ ਦੌਰਾਨ ਲੱਖੋਵਾਲ ਨੇ ਗੰਦੇ ਪਾਣੀਆਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਲੋਕ ਕੈਂਸਰ ਤੋਂ ਪੀੜਿਤ ਹੋ ਰਹੇ ਹਨ। ਜੇਕਰ ਇਸ ਦਾ ਕੋਈ ਹੱਲ ਨਾ ਕੀਤਾ ਤਾਂ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ, ਕਿਉਂਕਿ ਬੁੱਢੇ ਨਾਲੇ ਨਾਲ ਪਾਣੀ ਦਾ ਪ੍ਰਦੂਸ਼ਣ ਫੈਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ DAP ਨੂੰ ਲੈਕੇ ਵੀ ਸਵਾਲ ਖੜੇ ਕੀਤੇ। ਨਕਲੀ ਖਾਦ ਦੇ ਮੁੱਦੇ 'ਤੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਅਫਸਰਾਂ 'ਤੇ ਕਾਰਵਾਈ ਹੋਵੇ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ (Etv Bharat (ਲੁਧਿਆਣਾ, ਪੱਤਰਕਾਰ))

ਡੱਲੇਵਾਲ ਦੀ ਭੁੱਖ ਹੜਤਾਲ 'ਤੇ ਬੋਲੇ ਲੱਖੋਵਾਲ

ਉਥੇ ਹੀ ਸੂਬੇ ਦੀਆਂ ਸਰਹੱਦਾਂ 'ਤੇ ਚੱਲ ਰਹੇ ਧਰਨੇ ਨੂੰ ਲੈ ਕੇ ਲੱਖੋਵਾਲ ਨੇ ਕਿਹਾ ਕਿ ਦਿੱਲੀ ਸਾਡੀ ਰਾਜਧਾਨੀ ਹੈ, ਅਸੀਂ ਜਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜਿਹੜੀਆਂ ਮੰਗਾਂ ਜਗਜੀਤ ਸਿੰਘ ਡੱਲੇਵਾਲ ਦੀਆਂ ਹਨ, ਉਹ ਹੀ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਹਨ। ਉਨ੍ਹਾਂ ਕਿਹਾ ਕਿ ਸਾਡਾ ਲੀਡਰ ਭੁੱਖ ਹੜਤਾਲ 'ਤੇ ਹੈ, ਹਾਲੇ ਤੱਕ ਸਰਕਾਰ ਨੇ ਉਹਨਾਂ ਨੂੰ ਨਹੀਂ ਬੁਲਾਇਆ। ਉਹਨਾਂ ਕਿਹਾ ਕਿ ਜੇਕਰ ਸਾਡੇ ਲੀਡਰ ਨੂੰ ਕੁਝ ਹੁੰਦਾ ਹੈ ਤਾਂ ਉਸ ਲਈ ਭਾਰਤ ਦੀ ਸਰਕਾਰ ਜਿੰਮੇਵਾਰ ਹੋਵੇਗੀ।

ਰਵਨੀਤ ਬਿੱਟੂ 'ਤੇ ਵੀ ਆਖੀ ਇਹ ਗੱਲ

ਇਸ ਦੇ ਨਾਲ ਹੀ ਰਵਨੀਤ ਬਿੱਟੂ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ 40 ਕਿਸਾਨ ਜਥੇਬੰਦੀਆਂ ਹਨ। ਉਹਨਾਂ ਦੇ ਆਗੂਆਂ ਨਾਲ ਉਹ ਗੱਲਬਾਤ ਕਰ ਸਕਦੇ ਹਨ। ਉਹਨਾਂ ਕਿਹਾ ਕਿ ਅੱਜ ਐਸਕੇਐਮ ਦੀ ਵੀ ਬੈਠਕ ਹੈ, ਜਿਸ ਤੋਂ ਬਾਅਦ ਇਸ ਸਬੰਧੀ ਕੋਈ ਫੈਸਲਾ ਆਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਨਾਲ ਮਿਲੀ ਹੋਈ ਹੈ। ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਕਾਰਪੋਰੇਟ ਨੂੰ ਆਪਣੀ ਫਸਲ ਵੇਚਣ ਲਈ ਮਜਬੂਰ ਹੋ ਜਾਣ।

ਕਣਕ ਦੀ ਸਿੱਧੀ ਬਿਜਾਈ 'ਤੇ ਸੁੰਡੀ ਦਾ ਹਮਲਾ

ਉਥੇ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਤੇ ਕਣਕ ਦੀ ਸਿੱਧੀ ਬਿਜਾਈ ਕੀਤੀ ਹੈ, ਉਥੇ ਸੁੰਡੀ ਦਾ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅਸੀਂ ਅੱਗ ਲਾ ਨਹੀਂ ਸਕਦੇ ਕਿਉਂਕਿ ਪਰਚੇ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇੱਕ ਦੇਸ਼ ਇੱਕ ਚੋਣ ਦਾ ਵੀ ਵਿਰੋਧ ਕੀਤਾ ਹੈ। ਉਨ੍ਹਾ ਕਿਹਾ ਕਿ ਇਹ ਸਾਜਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਦੇ ਝੋਨੇ 'ਚ ਕੱਟ ਲੱਗੇ ਹਨ, ਉਹ ਸਾਡੇ ਤੱਕ ਪਹੁੰਚ ਕਰਨ। ਅਸੀਂ ਉਨ੍ਹਾਂ ਕਿਸਾਨਾਂ ਨੂੰ ਪੈਸੇ ਵਾਪਸ ਦਿਵਾ ਕੇ ਹਟਾਂਗੇ।

ABOUT THE AUTHOR

...view details