ਅੰਮ੍ਰਿਤਸਰ: ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਰੇਲਵੇ ਟਰੈਕ ਜਾਮ ਕਰਨ ਤੋਂ ਬਾਅਦ ਹੁਣ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਹੁਣ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਸਿਰਫ ਐਂਮਰਜੈਂਸੀ ਸੇਵਾਵਾਂ ਛੱਡ ਕੇ ਸਾਰਾ ਪੰਜਾਬ ਬੰਦ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਵਿੱਖ ’ਚ ਵੀ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ।
ਅੱਜ ਪੰਜਾਬ 'ਚ ਰੋਕੀਆਂ ਸੀ ਰੇਲਾਂ
ਦੱਸ ਦੇਈਏ ਕਿ ਅੱਜ ਪੰਜਾਬ 'ਚ ਕਿਸਾਨਾਂ ਨੇ 3 ਘੰਟੇ ਤੱਕ ਰੇਲ ਪਟੜੀਆਂ ਨੂੰ ਜਾਮ ਕੀਤਾ। ਦੁਪਹਿਰ 12 ਵਜੇ ਤੋਂ 48 ਥਾਵਾਂ ’ਤੇ ਕਿਸਾਨ ਪਟੜੀਆਂ ’ਤੇ ਬੈਠ ਗਏ। 3 ਵੱਜਦੇ ਹੀ ਕਿਸਾਨਾਂ ਨੇ ਪਟੜੀਆਂ ਖਾਲੀ ਕਰ ਦਿੱਤੀਆਂ। ਰੇਲਵੇ ਟਰੈਕ ਜਾਮ ਕਾਰਨ ਦਿੱਲੀ-ਪਠਾਨਕੋਟ ਸੁਪਰਫਾਸਟ ਐਕਸਪ੍ਰੈਸ ਨੂੰ ਲੁਧਿਆਣਾ ਦੇ ਢੰਡਾਰੀ ਕਲਾਂ ਵਿਖੇ ਰੋਕਣਾ ਪਿਆ। ਕੁਝ ਟਰੇਨਾਂ ਨੂੰ ਰੱਦ ਕਰਨਾ ਪਿਆ ਅਤੇ ਕੁਝ ਨੂੰ ਡਾਇਵਰਟ ਵੀ ਕਰਨਾ ਪਿਆ। ਕਿਸਾਨਾਂ ਦੇ ਧਰਨੇ ਕਾਰਨ ਕਰੀਬ 60 ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ।
ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ (ETV Bharat (ਅੰਮ੍ਰਿਤਸਰ, ਪੱਤਰਕਾਰ)) ਖੁਦਕੁਸ਼ੀ ਕਰਨ ਲਈ ਕੀਤਾ ਮਜ਼ਬੂਰ
ਉਥੇ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਰਣਜੋਧ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜਾ 14 ਨੂੰ ਦਿੱਲੀ ਜੱਥਾ ਜਾਣਾ ਸੀ। ਇਸ ਦੌਰਾਨ ਕਿਸਾਨਾਂ 'ਤੇ ਹੋਏ ਤਸ਼ੱਦਦ ਕਰਕੇ ਅਤੇ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਡੱਲੇਵਾਲ ਸਾਹਿਬ ਦੇ ਕਰਕੇ ਇਕ ਕਿਸਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜੋ ਰਜਿੰਦਰਾ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ। ਕੱਲ ਦੇਰ ਰਾਤ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਦੁੱਖ ਜਾਹਿਰ ਕਰਦੇ ਹਾਂ, ਕਿਉਂਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਰਕੇ ਉਹ ਮੌਤ ਹੋਈ ਹੈ। ਉਸਨੇ ਆਪਣੀ ਇੱਕ ਚਿੱਠੀ ਭੇਜੀ ਸੀ ਜਿਸ ਵਿੱਚ ਲਿਖਿਆ ਸੀ ਕਿ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ। ਇਸ ਕਰਕੇ ਪੰਜਾਬ ਸਰਕਾਰ ਕੇਂਦਰ ਦੇ ਖਿਲਾਫ ਐਫਆਈਆਰ ਕਰੇ, ਜਿੰਨਾਂ ਨੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਹੈ। ਉਸ ਦੇ ਪਰਿਵਾਰ ਨੂੰ 25 ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਯੋਗਤਾ ਦੇ ਅਨੁਸਾਰ ਦਿੱਤੀ ਜਾਵੇ ਅਤੇ ਗੈਰ ਸਰਕਾਰੀ ਕਰਜ਼ਾ ਖਤਮ ਕੀਤਾ ਜਾਵੇ। ਇਹ ਦੋਵਾਂ ਫੋਰਮਾਂ ਦਾ ਫੈਸਲਾ ਹੈ ਅਤੇ ਇਸ ਦੇ ਨਾਲ ਦੀ ਜਿੰਨੇ ਵੀ ਸਾਡੇ ਜਖ਼ਮੀ ਹਸਪਤਾਲਾਂ ਵਿਚ ਪਏ ਹਨ, ਉਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਸਰਕਾਰ ਵੱਲੋਂ ਹੀ ਕਰਵਾਇਆ ਜਾਵੇ।
ਸੰਯੁਕਤ ਕਿਸਾਨ ਮੋਰਚੇ ਦੀ ਹੰਗਾਮੀ ਮੀਟਿੰਗ
ਕਾਬਲੇਜ਼ਿਕਰ ਹੈ ਕਿ ਖਨੌਰੀ ਸਰਹੱਦ 'ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਹੰਗਾਮੀ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਜਾਰੀ ਹੈ। ਇਸ ਤੋਂ ਬਾਅਦ ਡੱਲੇਵਾਲ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਬਾਅਦ ਸ਼ਾਮ 7 ਵਜੇ ਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਹੈ। ਪਹਿਲਾਂ ਇਹ ਮੀਟਿੰਗ 24 ਦਸੰਬਰ ਨੂੰ ਹੋਣੀ ਸੀ ਪਰ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਮੀਟਿੰਗ ਦਾ ਸਮਾਂ ਬਦਲ ਦਿੱਤਾ ਗਿਆ ਹੈ।