ਕਿਸਾਨ ਟਾਵਰ ਤੇ ਚੜ੍ਹ ਗਿਆ (ETV Bharat Barnala) ਬਰਨਾਲਾ:ਬਰਨਾਲਾ ਦੇ ਪਿੰਡ ਰਾਏਸਰ ਦਾ ਕਿਸਾਨ ਵਜ਼ੀਰ ਸਿੰਘ ਬੀਤੀ ਰਾਤ ਆਪਣੇ ਪਿੰਡ ਦੇ 350 ਫੁੱਟ ਉੱਚੇ ਟਾਵਰ 'ਤੇ ਚੜ੍ਹ ਗਿਆ। ਜਿਸਨੂੰ ਪਿੰਡ ਵਾਸੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸ਼ਾਂਤ ਕੀਤਾ ਅਤੇ ਟਾਵਰ ਉਤਾਰਿਆ।
ਟਾਵਰ ਤੋਂ ਉਤਰ ਕੇ ਪੀੜਤ ਕਿਸਾਨ ਵਜ਼ੀਰ ਸਿੰਘ ਨੇ ਸਾਰਾ ਮਾਮਲਾ ਦੱਸਦਿਆਂ ਕਿਹਾ ਕਿ ਉਸਦੇ ਸਹੁਰੇ ਦੇ ਨਾਂ ਜ਼ਮੀਨ ਸੀ। ਪਰ ਉਸਦੇ ਸਹੁਰੇ ਦੀ ਮੌਤ ਤੋਂ ਬਾਅਦ ਸਾਰੀ ਜ਼ਮੀਨ ਮੇਰੀ ਸਮੇਤ ਚਾਰੇ ਭੈਣਾਂ ਦੇ ਹਾਣ ਹੋ ਗਈ। ਉਸਦੀ ਪਤਨੀ ਦੇ ਨਾਂ ਸਹੁਰਿਆਂ ਤੋਂ ਜ਼ਮੀਨ ਹਿੱਸੇ ਆਈ ਸੀ। ਜਿਸ ਦੀ ਰਜਿਸਟਰੀ ਵੀ ਉਸ ਦੇ ਨਾਂ 'ਤੇ ਹੈ ਅਤੇ ਇੰਤਕਾਲ ਵੀ ਸਾਡੇ ਨਾਮ ਹੋਇਆ ਹੈ। ਪਰ ਦੂਜੀ ਧਿਰ ਦੇ ਲੋਕ ਜੋ ਠੇਕੇ ’ਤੇ ਖੇਤੀ ਕਰ ਰਹੇ ਹਨ, ਉਸ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਵਿੱਚ ਦੂਸਰੀ ਧਿਰ 'ਤੇ ਕਈ ਕੇਸ ਵੀ ਦਰਜ ਹਨ। ਉਸਦੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ।
ਉਹਨਾਂ ਦੀ ਜ਼ਮੀਨ ਬੀਹਲਾ ਖ਼ੁਰਦ ਵਿਖੇ ਥਾਣਾ ਟੱਲੇਵਾਲ ਅਧੀਨ ਆਉਂਦੀ ਹੈ। ਪਰ ਸਬੰਧਤ ਥਾਣੇ ਦੀ ਪੁਲਿਸ ਨੂੰ ਸਾਡੀ ਸੁਣਵਾਈ ਕਰਨ ਦੀ ਬਿਜਾਏ ਮੇਰੇ ਉਪਰ ਹੀ ਝੂਠਾ ਪੁਲਿਸ ਕੇਸ ਦਰਜ ਕਰ ਦਿੱਤਾ ਹੈ। ਜਿਸ ਕਾਰਨ ਉਸ ਨੂੰ ਟਾਵਰ ’ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ। ਪੀੜਤ ਕਿਸਾਨ ਵਜ਼ੀਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਉਸ ਦੀ ਜ਼ਮੀਨ ਦਾ ਕਬਜ਼ਾ ਦਵਾਇਆ ਜਾਵੇ।
ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰਾਏਸਰ ਦਾ ਇੱਕ ਕਿਸਾਨ ਟਾਵਰ 'ਤੇ ਚੜ੍ਹਿਆ ਹੈ। ਪਿੰਡ ਮੌਕੇ 'ਤੇ ਪਹੁੰਚ ਕੇ ਕਿਸਾਨ ਨੂੰ ਉਤਾਰਿਆ ਗਿਆ ਹੈ ਅਤੇ ਉਸਦੀ ਗੱਲ ਸੁਣੀ ਗਈ ਹੈ। ਉਹਨਾਂ ਕਿਹਾ ਕਿ ਪੁਲਸ ਕਿਸਾਨ ਦੇ ਜ਼ਮੀਨ ਮਾਮਲੇ ਦੀ ਜਾਂਚ ਕਰ ਰਹੀ ਹੈ, ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।