ਹੁਸ਼ਿਆਰਪੁਰ:ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਖੈਰੜ ਰਾਵਲ ਬਸੀ ਵਿਖੇ 19 ਅਗਸਤ ਨੂੰ ਇੱਕ ਘਰ ਵਿੱਚੋਂ ਬੱਚੇ ਚੁੱਕ ਕੇ ਫ਼ਰਾਰ ਹੋਏ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਅਤੇ ਬੱਚਿਆਂ ਦੀ ਮਾਂ ਨੂੰ ਬੰਨ੍ਹਣ ਵਾਲੇ 9 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਵਿਰੋਧ ਕੀਤਾ ਹੈ। ਪੀੜਿਤ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਹੁਸ਼ਿਆਰਪੁਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਮਾਹਿਲਪੁਰ ਪੁਲਿਸ ਦੀ ਭੂਮਿਕਾ ਅਤੇ ਕਾਰਵਾਈ ’ਤੇ ਪ੍ਰਸ਼ਨ ਚਿਨ੍ਹ ਲਗਾਉਂਦੇ ਹੋਏ ਬੱਚੇ ਚੁੱਕਣ ਆਏ ਵਿਅਕਤੀਆਂ ਵਿਰੁੱਧ ਵੀ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਮਾਮਲਾ ਦਰਜ ਨਾ ਕੀਤਾ ਤਾਂ ਉਹ ਥਾਣਾ ਮਾਹਿਲਪੁਰ ਅੱਗੇ ਧਰਨਾ ਦੇਣਗੇ।
ਪੀੜਤ ਪਰਿਵਾਰ 'ਤੇ ਪਰਚਾ: ਅੱਜ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੋਹਣ ਲਾਲ, ਕੁਲਵਿੰਦਰ ਸਿੰਘ, ਸੁਖਪਾਲ ਸਿੰਘ, ਸਮੇਤ ਪੁਲਿਸ ਵਲੋਂ ਦਰਜ ਮਾਮਲੇ ਵਿਚ ਸ਼ਾਮਿਲ ਪੀੜਿਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਆਪਣੀ ਪਤਨੀ ਗੁਰਬਖ਼ਸ਼ ਕੌਰ ਤੋਂ ਦੁਖੀ ਹੋ ਕੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਹਿਲਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ ਤਾਂ ਉਨ੍ਹਾਂ ਦੀ ਨੂੰਹ ਗੁਰਬਖ਼ਸ਼ ਕੌਰ ਜ਼ਮਾਨਤ 'ਤੇ ਬਾਹਰ ਆਈ ਹੋਈ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਪੋਤਾ ਪੋਤੀ ਉਨ੍ਹਾਂ ਕੋਲ ਹਨ ਅਤੇ 19 ਅਗਸਤ ਗੁਰਬਖ਼ਸ਼ ਕੌਰ ਆਪਣੇ ਦਰਜ਼ਨ ਦੇ ਕਰੀਬ ਸਾਥੀਆਂ ਨਾਲ ਪਿੰਡ ਵਿਖੇ ਆਈ ਅਤੇ ਜਿਸ ਸਮੇਂ ਉਨ੍ਹਾਂ ਦੀ ਦਾਦੀ ਇੱਕਲੀ ਘਰ ਵਿਚ ਸੀ ਤਾਂ ਬੱਚਿਆ ਦੀ ਦਾਦੀ ਦੀ ਕੁੱਟਮਾਰ ਕਰਕੇ ਉਸ ਕੋਲੋਂ ਬੱਚੇ ਲੈ ਕੇ ਫ਼ਰਾਰ ਹੋ ਗਈ ਸੀ।