ਲੁਧਿਆਣਾ: ਸ਼ਹਿਰ ਦੇ ਦੁਗਰੀ ਪੁਲਿਸ ਸਟੇਸ਼ਨ ਦੇ ਬਾਹਰ ਬੀਤੇ ਦਿਨੀਂ ਥਾਰ ਕਾਰ ਦੀ ਲਪੇਟ ਵਿੱਚ ਆਉਣ ਕਰਕੇ ਮਰੇ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੇ ਲਈ ਦੁਗਰੀ ਰੋਡ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਰੋਡ ਵੀ ਜਾਮ ਕਰ ਦਿੱਤੀ ਗਈ। ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਅਸੀਂ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਹੈ ਜਦੋਂ ਕਿ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿਸ ਲੜਕੀ ਵੱਲੋਂ ਕਾਰ ਚਲਾਈ ਜਾ ਰਹੀ ਸੀ ਉਹ ਬਾਹਰ ਘੁੰਮ ਰਹੀ ਹੈ। ਜਿਸ ਨੂੰ ਲੈ ਕੇ ਪੁਲਿਸ ਨੇ ਕਿਹਾ ਕਿ ਉਸ ਨੂੰ ਅਦਾਲਤ ਤੋਂ ਬੇਲ ਮਿਲੀ ਹੈ। ਉਹਨਾਂ ਨੇ ਕਿਹਾ ਕਿ ਹੁਣ ਅਦਾਲਤ ਦੇ ਮਾਮਲੇ ਦੇ ਵਿੱਚ ਅਸੀਂ ਦਖ਼ਲ ਨਹੀਂ ਦੇ ਸਕਦੇ।
ਨੌਜਵਾਨ ਦੀ ਮੌਤ ਦੇ ਮਾਮਲੇ 'ਚ ਇਨਸਾਫ ਨਾ ਮਿਲਣ 'ਤੇ ਪਰਿਵਾਰ ਵੱਲੋਂ ਪ੍ਰਦਰਸ਼ਨ (ETV BHARAT) ਮ੍ਰਿਤਕ ਪੁੱਤ ਲਈ ਇਨਸਾਫ਼ ਦੀ ਮੰਗ
ਇਸ ਮੌਕੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਅਤੇ ਪੁਲਿਸ ਨੇ ਕਿਹਾ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰ ਨੇ ਪੁਲਿਸ 'ਤੇ ਇਲਜ਼ਾਮ ਲਗਾਏ ਕਿ ਮੁਲਜ਼ਮ ਪੱਖ ਸ਼ਰੇਆਮ ਬਾਹਰ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬੇਟੇ ਦੀ ਜਾਨ ਗਈ ਹੈ, ਜਿਸ ਨੂੰ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲ ਸਕਿਆ ਹੈ। ਪਰਿਵਾਰ ਨੇ ਕਿਹਾ ਕਿ ਸਾਡੇ ਬੱਚੇ ਦੀ ਮੌਤ ਹੋਏ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਇਨਸਾਫ ਲਈ ਸਾਨੂੰ ਧਰਨੇ ਲਾਉਣੇ ਪੈ ਰਹੇ ਹਨ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਮਜਬੂਰੀ ਵੱਸ ਸਾਨੂੰ ਪ੍ਰਦਰਸ਼ਨ ਕਰਨੇ ਪੈ ਰਹੇ ਹਨ।
ਮੁਲਜ਼ਮਾਂ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ
ਜਦੋਂ ਕੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਪਰਿਵਾਰ ਨਾਲ ਗੱਲਬਾਤ ਕਰ ਰਹੇ ਹਾਂ ਤੇ ਪਹਿਲੇ ਦਿਨ ਹੀ ਅਸੀਂ ਮਾਮਲਾ ਦਰਜ ਕਰ ਲਿਆ ਸੀ। ਉਹਨਾਂ ਨੇ ਕਿਹਾ ਕਿ ਅਸੀਂ ਗ੍ਰਿਫਤਾਰੀ ਵੀ ਕੀਤੀ ਸੀ ਪਰ ਮਹਿਲਾ ਨੂੰ ਕੋਰਟ ਤੋਂ ਬੇਲ ਮਿਲ ਗਈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਸੜਕ ਜਾਮ ਕਰਨਾ ਅਤੇ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਵੀ ਸਹੀ ਨਹੀਂ ਹੈ ਕਿਉਂਕਿ ਆਮ ਲੋਕਾਂ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੈ। ਪਰਿਵਾਰ ਵੱਲੋਂ ਲਗਾਤਾਰ ਦੁਗਰੀ ਪੁਲਿਸ ਸਟੇਸ਼ਨ ਦੇ ਬਾਹਰ ਮੁੱਖ ਰੋਡ 'ਤੇ ਜਾਮ ਲਗਾਇਆ ਗਿਆ ਸੀ।