ਅੰਮ੍ਰਿਤਸਰ: ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੇ ਦੇਹਾਂਤ ਉੱਤੇ ਸਾਰਾ ਦੇਸ਼ ਸ਼ੋਕ ਮਨਾ ਰਿਹਾ ਹੈ। ਉੱਥੇ ਹੀ ਡਾ. ਮਨਮੋਹਨ ਸਿੰਘ ਜੀ ਦੇ ਪੋਤਰੇ ਰਣਦੀਪ ਸਿੰਘ ਕੋਹਲੀ ਜੋ ਕੀ ਅੰਮ੍ਰਿਤਸਰ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹਨ ਉਹ ਵੀ ਸਾਰੇ ਪਰਿਵਾਰ ਸਣੇ ਦਿੱਲੀ ਪੁੱਜੇ ਹੋਏ ਹਨ। ਕੋਹਲੀ ਨੇ ਆਪਣੇ ਦਾਦਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਪੂਰੇ ਪਰਿਵਾਰ ਅਤੇ ਦੇਸ਼ ਨੂੰ ਇਸ ਦੁੱਖ ਦੀ ਘੜੀ ਵਿੱਚੋਂ ਗੁਜਰਨਾ ਪੈ ਰਿਹਾ ਹੈ। ਸਾਡੇ ਦਾਦਾ ਜੀ ਨੇ ਪਰਿਵਾਰ ਦੇ ਨਾਲ-ਨਾਲ ਦੇਸ਼ ਦੇ ਲਈ ਬੜੇ ਚੰਗੇ ਕੰਮ ਕੀਤੇ ਸਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਚੰਗੇ ਕੰਮ ਦੇਸ਼ ਲਈ ਕੀਤੇ ਹਨ ਸਾਨੂੰ ਵੀ ਸਾਰਿਆ ਨੂੰ ਉਨ੍ਹਾਂ ਵਾਂਗ ਆਪਣੇ ਇਲਾਕਿਆਂ ਦੇ ਵਿੱਚ ਚੰਗੇ ਕੰਮ ਕਰਨੇ ਚਾਹੀਦੇ ਹਨ।
ਦਿੱਲੀ ਦੇ ਨਿਗਮਬੋਧ ਘਾਟ ਵਿਖੇ ਕੀਤਾ ਜਾਵੇਗਾ ਸਸਕਾਰ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਸ਼ਨੀਵਾਰ ਨੂੰ ਸਵੇਰੇ 11:45 ਵਜੇ ਦਿੱਲੀ ਦੇ ਨਿਗਮਬੋਧ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਨਮੋਹਨ ਸਿੰਘ ਦਾ ਵੀਰਵਾਰ ਰਾਤ ਦਿੱਲੀ ਦੇ ਏਮਜ਼ ਵਿੱਚ ਦੇਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਤਿਰੰਗੇ 'ਚ ਲਿਪਟੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਰੱਖਿਆ ਗਿਆ ਹੈ।
ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਸਸਕਾਰ
ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਡਾ. ਮਨਮੋਹਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਸਵੇਰੇ 11:45 ਵਜੇ ਨਿਗਮਬੋਧ ਘਾਟ 'ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਹ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਅਤੇ ਇਹ ਵੱਕਾਰੀ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ ਆਗੂ ਸਨ। ਮਨਮੋਹਨ ਸਿੰਘ ਨੇ ਮਈ 2004 ਤੋਂ ਮਈ 2014 ਤੱਕ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੀ ਅਗਵਾਈ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਰਾਤ 8:06 ਵਜੇ ਉਨ੍ਹਾਂ ਨੂੰ ਏਮਜ਼, ਨਵੀਂ ਦਿੱਲੀ ਦੀ ਮੈਡੀਕਲ ਐਮਰਜੈਂਸੀ ਵਿੱਚ ਲਿਆਂਦਾ ਗਿਆ ਸੀ। ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਰਾਤ 9:51 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਹੱਥੋਂ ਕਾਂਗਰਸ ਦੀ ਹਾਰ ਤੋਂ ਬਾਅਦ ਜਨਤਕ ਜੀਵਨ ਤੋਂ ਸੰਨਿਆਸ ਲੈਣ ਵਾਲੇ ਡਾ. ਮਨਮੋਹਨ ਸਿੰਘ ਨੇ ਅਗਸਤ 2023 ਵਿੱਚ ਰਾਜ ਸਭਾ ਵਿੱਚ ਆਪਣੀ ਆਖਰੀ ਜਨਤਕ ਪੇਸ਼ਕਾਰੀ ਕੀਤੀ। ਉਹ ਇਸ ਦਾ ਮੈਂਬਰ ਸੀ।