ਪੰਜਾਬ

punjab

ETV Bharat / state

ਪੰਜਾਬ ਜ਼ਿਮਨੀ ਚੋਣਾਂ ਨੂੰ ਲੈਕੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ, ਹੁਣ 13 ਦੀ ਥਾਂ ਇਸ ਦਿਨ ਪੈਣਗੀਆਂ ਵੋਟਾਂ - PUNJAB BYLECTIONS 2024

ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੀ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਹੁਣ 13 ਦੀ ਥਾਂ 20 ਨੂੰ ਵੋਟਾਂ ਪੈਣਗੀਆਂ।

ਵੋਟਾਂ ਦੀ ਤਰੀਕ ਬਦਲੀ
ਵੋਟਾਂ ਦੀ ਤਰੀਕ ਬਦਲੀ (ETV BHARAT)

By ETV Bharat Punjabi Team

Published : Nov 4, 2024, 3:31 PM IST

ਚੰਡੀਗੜ੍ਹ: ਪੰਜਾਬ ਦੇ ਚਾਰ ਵਿਧਾਨਸਭਾ ਹਲਕਿਆਂ ਸਮੇਤ ਹੋਰ ਕੁਝ ਸੂਬਿਆਂ 'ਚ ਜ਼ਿਮਨੀ ਚੋਣਾਂ 13 ਨਵੰਬਰ ਨੂੰ ਹੋਣ ਜਾ ਰਹੀਆਂ ਸਨ, ਜਿਸ ਨੂੰ ਲੈਕੇ ਭਾਰਤੀ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਦਿੱਤਾ ਹੈ। ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੁਣ ਪੰਜਾਬ ਦੇ 4 ਹਲਕਿਆਂ ਵਿੱਚ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ 13 ਨਵੰਬਰ ਦੀ ਜਗ੍ਹਾ 20 ਨਵੰਬਰ ਨੂੰ ਹੋਣਗੀਆਂ। ਦੱਸ ਦਈਏ ਕਿ ਪੰਜਾਬ 'ਚ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਤੈਅ ਹਨ।

ਵੋਟਾਂ ਦੀ ਤਰੀਕ ਬਦਲੀ (ETV BHARAT)

ਜ਼ਿਮਨੀ ਚੋਣਾਂ ਲਈ ਵੋਟਾਂ ਦੀ ਤਰੀਕ ਬਦਲੀ

ਇਸ ਤੋਂ ਪਹਿਲਾਂ ਇਨ੍ਹਾਂ ਸੀਟਾਂ 'ਤੇ 13 ਨਵੰਬਰ ਨੂੰ ਵੋਟਿੰਗ ਹੋਣੀ ਸੀ। ਪਰ ਚੋਣ ਕਮਿਸ਼ਨ ਨੇ ਤਰੀਕ ਬਦਲ ਦਿੱਤੀ ਹੈ। ਪੰਜਾਬ ਦੀਆਂ ਚਾਰੇ ਸੀਟਾਂ 'ਤੇ ਹੁਣ 20 ਨਵੰਬਰ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਅੱਜ ਇਹ ਐਲਾਨ ਕੀਤਾ ਕਿ ਪੰਜਾਬ ਦੀਆਂ ਚਾਰ ਸੀਟਾਂ, ਉੱਤਰ ਪ੍ਰਦੇਸ਼ ਦੀਆਂ 9 ਅਤੇ ਕੇਰਲ ਦੀ ਇੱਕ ਸੀਟ ’ਤੇ ਜ਼ਿਮਨੀ ਚੋਣਾਂ ਲਈ ਵੋਟਾਂ ਹੁਣ 13 ਨਵੰਬਰ ਦੀ ਜਗ੍ਹਾ 20 ਨਵੰਬਰ ਨੂੰ ਪੈਣਗੀਆਂ। ਜਦਕਿ ਵੋਟਾਂ ਦੀ ਗਿਣਤੀ ਅਤੇ ਨਤੀਜੇ ਪਹਿਲੇ ਪ੍ਰੋਗਰਾਮ ਅਨੁਸਾਰ 23 ਨਵੰਬਰ ਨੂੰ ਹੀ ਆਉਣਗੇ।

ਵੋਟਾਂ ਦੀ ਤਰੀਕ ਬਦਲੀ (ETV BHARAT)

ਸਿਆਸੀ ਪਾਰਟੀਆਂ ਦੀ ਅਪੀਲ 'ਤੇ ਬਦਲੀ ਤਰੀਕ

ਚੋਣ ਕਮਿਸ਼ਨ ਵਲੋਂ ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਜ਼ਿਮਨੀ ਚੋਣਾਂ ਵਾਲੇ ਉਕਤ ਰਾਜਾਂ ਦੀਆਂ ਪਾਰਟੀਆਂ ਵੱਲੋਂ ਇਸ ਸੰਬੰਧੀ ਚੋਣ ਕਮਿਸ਼ਨ ਕੋਲ ਬੇਨਤੀਆਂ ਤੋਂ ਬਾਅਦ ਬਦਲਿਆ ਗਿਆ ਹੈ। ਦੱਸ ਦਈਏ ਕਿ ਭਾਰਤੀ ਚੋਣ ਕਮਿਸ਼ਨ ਨੇ ਕੇਰਲ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਤਿਉਹਾਰਾਂ ਕਾਰਨ ਇਹ ਬਦਲਾਅ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬਿਆਂ ਦੀਆਂ ਪਾਰਟੀਆਂ ਨੇ ਆਪੋ-ਆਪਣੇ ਰਾਜਾਂ ਵਿੱਚ ਕੁਝ ਤਿਉਹਾਰ ਅਤੇ ਹੋਰ ਸਮਾਗਮ ਹੋਣ ਦਾ ਹਵਾਲਾ ਦਿੰਦਿਆਂ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਸੀ। ਸਾਰੇ ਹੀ ਰਾਜਾਂ ਵਿੱਚ ਦੀਵਾਲੀ ਅਤੇ ਇਸ ਦੇ ਨਾਲ ਆਉਂਦੇ ਤਿਉਹਾਰਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਾ ਵੀ ਹਵਾਲਾ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਇਹ ਫੈਸਲਾ ਕਾਂਗਰਸ, ਭਾਜਪਾ, ਬਸਪਾ, ਆਰਐਲਡੀ ਅਤੇ ਹੋਰ ਰਾਸ਼ਟਰੀ ਅਤੇ ਸੂਬਾਈ ਪਾਰਟੀਆਂ ਦੀ ਬੇਨਤੀ 'ਤੇ ਲਿਆ ਗਿਆ ਹੈ।

ਦੋ ਸੂਬਿਆਂ 'ਚ ਨੇ ਵਿਧਾਨਸਭਾ ਚੋਣਾਂ

ਗੌਰਤਲਬ ਹੈ ਕਿ ਚੋਣ ਕਮਿਸ਼ਨ ਨੇ ਜਦੋਂ ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ, ਉਸੇ ਸਮੇਂ ਹੀ ਉਨ੍ਹਾਂ ਵੱਲੋਂ ਉਪ ਚੋਣਾਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਸੀ। ਮਹਾਰਾਸ਼ਟਰ 'ਚ 20 ਨਵੰਬਰ ਨੂੰ ਚੋਣਾਂ ਹੋਣਗੀਆਂ ਅਤੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਮਹਾਰਾਸ਼ਟਰ ਵਿੱਚ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ। ਜਦੋਂ ਕਿ ਝਾਰਖੰਡ ਵਿੱਚ 13 ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 23 ਨਵੰਬਰ ਨੂੰ ਹੀ ਆਉਣਗੇ। ਝਾਰਖੰਡ 'ਚ 2 ਪੜਾਵਾਂ 'ਚ ਚੋਣਾਂ ਹੋਣਗੀਆਂ। ਇਸ ਦੌਰਾਨ ਕੇਰਲ, ਪੰਜਾਬ ਅਤੇ ਯੂਪੀ ਦੀਆਂ ਸੀਟਾਂ 'ਤੇ 13 ਨਵੰਬਰ ਨੂੰ ਉਪ ਚੋਣਾਂ ਹੋਣੀਆਂ ਸਨ ਪਰ ਹੁਣ ਇਹ ਚੋਣਾਂ 20 ਨਵੰਬਰ ਨੂੰ ਹੋਣਗੀਆਂ ਤੇ ਇੰਨ੍ਹਾਂ ਦੇ ਨਤੀਜੇ ਵੀ 23 ਨਵੰਬਰ ਨੂੰ ਹੀ ਆਉਣਗੇ।

ABOUT THE AUTHOR

...view details