ਦੁਕਾਨਦਾਰ ਹੋ ਰਹੇ ਪਰੇਸ਼ਾਨ (Etv Bharat Amritsar) ਅੰਮ੍ਰਿਤਸਰ:ਪੰਜਾਬ ਵਿੱਚ ਦਿਨੋਂ ਦਿਨ ਵਧ ਰਹੇ ਤਾਪਮਾਨ ਅਤੇ ਗਰਮ ਹਵਾਵਾਂ ਦੇ ਨਾਲ ਮੌਸਮ ਵੱਲੋਂ ਲਈ ਗਈ ਕਰਵਟ ਤੋਂ ਬਾਅਦ ਗਰਮੀ ਸਿਖਰਾਂ 'ਤੇ ਪੁੱਜੀ ਹੋਈ ਹੈ। ਜਿਸ ਕਾਰਨ ਜਿੱਥੇ ਆਮ ਲੋਕਾਂ ਦਾ ਜੀਣਾ ਦੁਬਰ ਹੋਇਆ ਪਿਆ ਹੈ। ਉੱਥੇ ਹੀ ਤਾਜ਼ਾ ਫਲ ਸਬਜ਼ੀਆਂ ਅਤੇ ਹੋਰਨਾਂ ਖਾਣ ਯੋਗ ਪਦਾਰਥਾਂ ਨੂੰ ਵੇਚਣ ਵਾਲੇ ਦੁਕਾਨਦਾਰ ਇਸ ਝੁਲਸਾਉਣ ਵਾਲੀ ਗਰਮੀ ਕਾਰਨ ਆਰਥਿਕ ਮੰਦੀ ਦਾ ਸ਼ਿਕਾਰ ਹੁੰਦੇ ਹੋਏ ਨਜ਼ਰ ਆ ਰਹੇ ਹਨ।
ਜੀ ਹਾਂ ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਰੋਜ਼ਾਨਾ ਤਾਜ਼ਾ ਫਲ ਸਬਜ਼ੀਆਂ ਦੁੱਧ ਸਮੇਤ ਹੋਰ ਖਾਣ ਯੋਗ ਪਦਾਰਥ ਇਸ ਪਰ ਗਰਮੀ ਕਾਰਨ ਕੁਝ ਹੀ ਘੰਟਿਆਂ ਦੇ ਵਿੱਚ ਖਰਾਬ ਹੋ ਰਹੇ ਹਨ। ਜਿਸ ਕਾਰਨ ਦੁਕਾਨਦਾਰਾਂ ਦਾ ਮਾਲ ਰੋਜ਼ਾਨਾ ਖਰਾਬ ਹੋਣ ਦੇ ਨਾਲ ਨਾਲ ਭਾਰੀ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ।
ਬਾਜ਼ਾਰਾਂ ਦੇ ਵਿੱਚ ਮੰਦੀ ਦਾ ਮਾਹੌਲ :ਇਸ ਦੌਰਾਨ ਅੰਮ੍ਰਿਤਸਰ ਦੇ ਜੰਡਿਆਲਾ ਪਿੰਡ ਦੇ ਵੱਖ-ਵੱਖ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਝੁਲਸਾਉਣ ਵਾਲੀ ਗਰਮੀ ਦੇ ਕਾਰਨ ਜਿੱਥੇ ਬਾਜ਼ਾਰਾਂ ਦੇ ਵਿੱਚ ਮੰਦੀ ਦਾ ਮਾਹੌਲ ਹੈ ਅਤੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ 100 ਵਾਰ ਗੁਰੇਜ਼ ਕਰਦੇ ਹਨ ਅਤੇ ਅਤੀ ਜਰੂਰੀ ਹੋਣ ਦੇ ਉੱਤੇ ਹੀ ਘਰ ਤੋਂ ਨਿਕਲ ਰਹੇ ਹਨ। ਜਿਸ ਕਾਰਨ ਬਾਜ਼ਾਰਾਂ ਦੀ ਰੌਣਕ ਤਕਰੀਬਨ ਖਤਮ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਖਾਣ ਪੀਣ ਯੋਗ ਪਦਾਰਥ ਇਸ ਗਰਮੀ ਦੇ ਕਾਰਨ ਖਰਾਬ ਹੋ ਰਹੇ ਹਨ। ਜਿਸ ਵਿੱਚ ਦੁੱਧ ਦਹੀਂ ਆਦਿ ਪਦਾਰਥਾਂ ਨੂੰ ਫਰਿੱਜ਼ ਵਿੱਚ ਰੱਖ ਕੇ ਬਚਾਇਆ ਜਾ ਸਕਦਾ ਹੈ। ਪਰ ਇਸ ਤਿੱਖੜ ਧੁੱਪ ਵਿੱਚ ਅਤੇ ਗਰਮ ਹਵਾਵਾਂ ਦੇ ਨਾਲ ਫਲ ਅਤੇ ਸਬਜ਼ੀਆਂ ਕੁਝ ਹੀ ਘੰਟਿਆਂ ਦੇ ਵਿੱਚ ਖਰਾਬ ਹੁੰਦੇ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਦਾ ਮਾਲੀ ਨੁਕਸਾਨ ਹੋ ਰਿਹਾ ਹੈ।
ਏਸੀ ਦੀ ਵਰਤੋਂ :ਇਸ ਦੌਰਾਨ ਗੱਲਬਾਤ ਕਰਦੇ ਹੋਏ ਕਈ ਅਜਿਹੇ ਦੁਕਾਨਦਾਰ ਵੀ ਮਿਲੇ ਹਨ ਜਿਨਾਂ ਦੀ ਉਮਰ 50 ਸਾਲ ਤੋਂ 55 ਦੇ ਦਰਮਿਆਨ ਹੈ ਅਤੇ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਅੱਜ ਪੈ ਰਹੀ ਗਰਮੀ ਦੇ ਮੁਕਾਬਲੇ ਪੂਰੀ ਜ਼ਿੰਦਗੀ ਵਿੱਚ ਉਨ੍ਹਾਂ ਵੱਲੋਂ ਅਜਿਹੀ ਗਰਮੀ ਨਹੀਂ ਦੇਖੀ ਗਈ ਹੈ। ਇਸ ਦੇ ਨਾਲ ਹੀ ਕਈ ਲੋਕਾਂ ਦਾ ਮੰਨਣਾ ਹੈ ਕਿ ਬੇਹੱਦ ਏਸੀ ਦੀ ਵਰਤੋਂ ਅਤੇ ਰੁੱਖਾਂ ਦਾ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਵਿੱਚੋਂ ਖਤਮ ਹੋ ਜਾਣਾ ਵੀ ਇੱਕ ਵੱਡੇ ਖਤਰੇ ਦੀ ਘੰਟੀ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਅੱਜ ਦੇ ਦੌਰ ਦਾ ਤਾਪਮਾਨ 45 ਤੋਂ 50 ਡਿਗਰੀ ਦੇ ਵਿੱਚ ਮਾਪਿਆ ਜਾ ਰਿਹਾ ਹੈ।
ਸ਼ਹਿਰ ਦੇ ਵਿੱਚ ਮੀਂਹ ਦੀ ਇੱਕ ਬੂੰਦ: ਦੁਕਾਨਦਾਰਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਸ਼ਾਇਦ ਇੰਦਰ ਦੇਵਤਾ ਵੀ ਉਨ੍ਹਾਂ ਦੇ ਨਾਲ ਨਰਾਜ਼ ਹੋ ਚੁੱਕੇ ਹਨ। ਜਦੋਂ ਕਿ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਚੁੱਕਾ ਹੈ ਪਰ ਫਿਰ ਵੀ ਸਾਡੇ ਸ਼ਹਿਰ ਦੇ ਵਿੱਚ ਮੀਂਹ ਦੀ ਇੱਕ ਬੂੰਦ ਤੱਕ ਨਹੀਂ ਪਈ। ਜਿਸ ਕਾਰਨ ਲਗਦਾ ਹੈ ਕਿ ਸ਼ਾਇਦ ਰੱਬ ਸਾਨੂੰ ਗਰਮੀ ਤੋਂ ਰਾਹਤ ਦੇਣ ਦੇ ਲਈ ਮਿਹਰਬਾਨ ਨਹੀਂ ਹੋਣਾ ਚਾਹੁੰਦਾ ਹੈ। ਇਸ ਦੇ ਨਾਲ ਹੀ ਬਾਰਿਸ਼ ਨਾ ਹੋਣ ਕਾਰਨ 15 ਜੂਨ ਤੋਂ ਸ਼ੁਰੂ ਹੋਈ ਝੋਨੇ ਦੀ ਲਵਾਈ ਦਾ ਕੰਮ ਵੀ ਮੱਠਾ ਨਜ਼ਰ ਆ ਰਿਹਾ ਹੈ। ਜਿਸ ਜਗ੍ਹਾ ਝੋਨਾ ਲੱਗ ਚੁੱਕਾ ਹੈ ਉੱਥੇ ਬਾਰਿਸ਼ ਨਾ ਹੋਣ ਕਾਰਨ ਵਧੇਰੇਤਰ ਮੋਟਰਾਂ ਨਾਲ ਪਾਣੀ ਦਿੱਤਾ ਜਾ ਰਿਹਾ ਹੈ ਜੋ ਕਿ ਲੰਬੇ ਸਮੇਂ ਤੱਕ ਖੇਤਾਂ ਵਿੱਚ ਖੜਦਾ ਨਜ਼ਰ ਨਹੀਂ ਆ ਰਿਹਾ। ਮੌਸਮ ਦੀ ਇਸ ਮਾਰ ਕਾਰਨ ਕਿਸਾਨ ਵੀ ਡਾਢੇ ਪਰੇਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਜੇਕਰ ਜਲਦ ਹੀ ਬਾਰਿਸ਼ ਨਾ ਹੋਈ ਤਾਂ ਝੋਨੇ ਦੀ ਫਸਲ ਇਸ ਤਿੱਖੀ ਧੁੱਪ ਦੇ ਕਾਰਨ ਖਰਾਬ ਹੋ ਕੇ ਮਰ ਸਕਦੀ ਹੈ।