ਬਠਿੰਡਾ:ਪੰਜਾਬ ਵਿੱਚ ਇਨ੍ਹੀਂ ਦਿਨੀਂ ਟਰਾਂਸਪੋਰਟ ਵਿਭਾਗ ਦੀ ਨਲਾਇਕੀ ਕਾਰਨ ਲੋਕਾਂ ਨੂੰ ਵੱਡਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਟਰਾਂਸਪੋਰਟ ਵਿਭਾਗ ਦਾ ਪ੍ਰਾਈਵੇਟ ਕੰਪਨੀ ਨਾਲ ਠੇਕਾ ਖ਼ਤਮ ਹੋਣ ਤੋਂ ਬਾਅਦ ਪੰਜਾਬ ਵਿੱਚ ਹੁਣ ਚਿੱਪ ਵਾਲੇ ਲਾਇਸੈਂਸ ਅਤੇ ਆਰਸੀ ਦੀਆਂ ਕਾਪੀਆਂ ਉਪਲਬਧ ਨਹੀਂ ਹੋ ਰਹੀਆਂ, ਜਿਸ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕਮਰਸ਼ੀਅਲ ਵਹਾਨਾਂ ਦੀ ਵਰਤੋਂ ਕਰਨ ਵਾਲੇ ਲੋਕ ਸਭ ਤੋਂ ਵੱਧ ਪਰੇਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਆਰਸੀ ਅਤੇ ਡਰਾਈਵਿੰਗ ਦੀ ਕਾਪੀ ਨਾ ਹੋਣ ਕਾਰਨ ਹਰ ਸਮੇਂ ਚਲਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਭਾਵੇਂ ਪੁਲਿਸ ਵਿਭਾਗ ਵੱਲੋਂ ਇਸ ਸਬੰਧੀ ਬਕਾਇਦਾ ਪੱਤਰ ਜਾਰੀ ਕਰਕੇ ਟਰੈਫਿਕ ਪੁਲਿਸ ਨੂੰ ਆਨਲਾਈਨ ਆਰਸੀ ਅਤੇ ਲਾਇਸੈਂਸ ਚੈੱਕ ਕਰਨ ਦੀ ਹਦਾਇਤ ਦਿੱਤੀ ਗਈ ਹੈ ਪਰ ਕਿਤੇ ਨਾ ਕਿਤੇ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਲੋਕਾਂ ਦਾ ਰੋਸ ਵਧਦਾ ਜਾ ਰਿਹਾ ਹੈ।
ਬਲਤੇਜ ਸਿੰਘ ,ਪ੍ਰਾਈਵੇਟ ਬੱਸ ਆਪਰੇਟਰ ਯੂਨੀਅਨ ਕੋਆਰਡੀਨੇਟਰ (Etv Bharat) 'ਵੱਡੀਆਂ ਦਿੱਕਤਾਂ ਦਾ ਕਰਨਾ ਪੈ ਰਿਹਾ ਸਾਹਮਣਾ'
ਬਠਿੰਡਾ ਦੇ ਆਰਟੀਓ ਦਫਤਰ ਵਿੱਚ ਡਰਾਈਵਿੰਗ ਲਾਇਸੈਂਸ ਲਈ ਚੱਕਰ ਮਾਰ ਰਹੇ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਉਸ ਵੱਲੋਂ ਨਵਾਂ ਡਰਾਈਵਿੰਗ ਲਾਇਸੈਂਸ ਅਪਲਾਈ ਕੀਤਾ ਗਿਆ ਸੀ। ਭਾਵੇਂ ਆਨਲਾਈਨ ਫੀਸ ਜਮ੍ਹਾਂ ਹੋਣ ਤੋਂ ਬਾਅਦ ਉਸ ਦਾ ਲਾਇਸੈਂਸ ਆਨਲਾਈਨ ਸ਼ੋਅ ਹੋ ਰਿਹਾ ਹੈ ਪਰ ਹਾਲੇ ਤੱਕ ਲਾਇਸੈਂਸ ਦੀ ਕਾਪੀ ਉਹਨਾਂ ਦੇ ਘਰ ਨਹੀਂ ਪਹੁੰਚੀ। ਜਿਸ ਕਾਰਨ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ ਹੁਣ ਟਰੈਫਿਕ ਨਿਯਮਾਂ ਨੂੰ ਲੈ ਕੇ ਸਖ਼ਤੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਆਨਲਾਈਨ ਦੀ ਥਾਂ ਡਰਾਈਵਿੰਗ ਲਾਇਸੈਂਸ ਦੀ ਕਾਪੀ ਮੰਗੀ ਜਾਂਦੀ ਹੈ। ਕਈ ਅਧਿਕਾਰੀ ਤਾਂ ਆਨਲਾਈਨ ਡਰਾਈਵਿੰਗ ਲਾਇਸੈਂਸ ਦੀ ਕਾਪੀ ਵੇਖ ਕੇ ਛੱਡ ਦਿੰਦੇ ਹਨ ਪਰ ਕਈ ਅਧਿਕਾਰੀ ਇਸ ਚੀਜ਼ ਨੂੰ ਨਹੀਂ ਮੰਨਦੇ, ਜਿਸ ਕਾਰਨ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ।
'ਆਰਸੀਆਂ ਨੂੰ ਲੈ ਕੇ ਖੜੀ ਹੋਈ ਸਮੱਸਿਆ'
ਇਸ ਦੇ ਨਾਲ ਹੀ ਪ੍ਰਾਈਵੇਟ ਬੱਸ ਆਪਰੇਟਰ ਯੂਨੀਅਨ ਦੇ ਕੋਆਰਡੀਨੇਟਰ ਬਲਤੇਜ ਸਿੰਘ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਉਹਨਾਂ ਲਈ ਆਰਸੀਆਂ ਨੂੰ ਲੈ ਕੇ ਵੱਡੀ ਸਮੱਸਿਆ ਖੜੀ ਹੋਈ ਪਈ ਹੈ ਕਿਉਂਕਿ ਐਨਓਸੀ ਜਾਰੀ ਹੋਣ ਤੋਂ ਬਾਅਦ ਜਦੋਂ ਵੀ ਨਵੀਂ ਆਰਸੀ ਕਮਰਸ਼ੀਅਲ ਵਾਹਨਾਂ ਦੀ ਅਪਲਾਈ ਕੀਤੀ ਜਾਂਦੀ ਹੈ ਤਾਂ ਉਸ ਦੀ ਫਿਜੀਕਲ ਕਾਪੀ ਉਹਨਾਂ ਨੂੰ ਨਹੀਂ ਮਿਲਦੀ। ਜਿਸ ਕਾਰਨ ਖਰੀਦਣ ਅਤੇ ਵੇਚਣ ਵਾਲਿਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਆਪਣੇ ਕਮਰਸ਼ੀਅਲ ਵਾਹਨ ਸੜਕਾਂ 'ਤੇ ਚਲਾਉਣ ਤੋਂ ਗੁਰੇਜ਼ ਕਰਦੇ ਹਨ। ਜਿਸ ਕਾਰਨ ਵੱਡਾ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ।
ਜਾਣਕਾਰੀ ਦਿੰਦਾ ਹੋਇਆ ਡਰਾਈਵਿੰਗ ਲਾਇਸੰਸ ਬਣਵਾਉਣ ਆਇਆ ਸੰਦੀਪ ਸਿੰਘ (Etv Bharat) ਟਰਾਂਸਪੋਰਟਰਾਂ ਨੂੰ ਖੜ੍ਹੇ ਵਾਹਨਾਂ ਦੀਆਂ ਭਰਨੀਆਂ ਪੈ ਰਹੀਆਂ ਕਿਸ਼ਤਾਂ
ਉਹਨਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਆਨਲਾਈਨ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਨੂੰ ਮਾਨਤਾ ਦਿੱਤੀ ਗਈ ਹੈ ਪਰ ਕਈ ਸਟੇਟਾਂ ਵਿੱਚ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਿਆ ਜਾਂਦਾ। ਜਿਸ ਕਾਰਨ ਟਰਾਂਸਪੋਰਟਰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ, ਉਹਨਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦਾ ਇਸ ਤਰ੍ਹਾਂ ਬੁਰਾ ਹਾਲ ਹੈ ਕਿ ਅਸਾਮੀਆਂ ਪੂਰੀਆਂ ਨਾ ਹੋਣ ਕਾਰਨ ਟਰੈਕ ਖਾਲੀ ਪਏ ਹਨ ਅਤੇ ਲੋਕਾਂ ਨੂੰ ਆਪਣੇ ਆਰਸੀ ਅਤੇ ਡਰਾਈਵਿੰਗ ਲਾਇਸੰਸ ਲਈ ਦਫਤਰਾਂ ਦੇ ਚੱਕਰ ਮਾਰਨੇ ਪੈ ਰਹੇ ਹਨ। ਸਰਕਾਰ ਨੂੰ ਚਾਹੀਦਾ ਕਿ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰੇ ਕਿਉਂਕਿ ਟਰਾਂਸਪੋਰਟਰਾਂ ਨੂੰ ਖੜ੍ਹੇ ਵਾਹਨਾਂ ਦੀਆਂ ਕਿਸ਼ਤਾਂ ਭਰਨੀਆਂ ਪੈ ਰਹੀਆਂ ਹਨ, ਆਉਂਦੇ ਦਿਨ੍ਹਾਂ ਵਿੱਚ ਇਹ ਚੀਜ਼ਾਂ ਹੋਰ ਵੀ ਤੰਗ ਕਰਨਗੀਆਂ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ (Etv Bharat) 'ਆਉਂਦੇ ਦਿਨਾਂ ਵਿੱਚ ਸਮੱਸਿਆਵਾਂ ਦਾ ਹੋਵੇਗਾ ਹੱਲ'
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਕਿਹਾ ਹੈ ਕਿ ਇਹ ਸਮੱਸਿਆ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ। ਭਾਵੇਂ ਪਿਛਲੇ ਕੁਝ ਸਮੇਂ ਤੋਂ ਆਰਸੀ ਅਤੇ ਫਿਜੀਕਲੀ ਡਰਾਈਵਿੰਗ ਲਾਇਸੈਂਸ ਲੋਕਾਂ ਨੂੰ ਨਹੀਂ ਮਿਲ ਰਹੇ ਪਰ ਆਨਲਾਈਨ ਉਪਲੱਬਧ ਹਨ। ਉਹਨਾਂ ਕਿਹਾ ਕਿ ਇਸ ਸਬੰਧੀ ਬਕਾਇਦਾ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਆਉਂਦੇ ਦਿਨਾਂ ਵਿੱਚ ਲੋਕਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਜੇਕਰ ਕਿਸੇ ਵਿਅਕਤੀ ਨੂੰ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਦਿੱਕਤ ਆਉਂਦੀ ਹੈ ਤਾਂ ਉਹ ਆਨਲਾਈਨ ਪੁਲਿਸ ਕਰਮਚਾਰੀਆਂ ਨੂੰ ਚੈੱਕ ਕਰਵਾ ਸਕਦਾ ਹੈ।