ਤਰਨ ਤਾਰਨ :ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਆਂਸਲ ਉਤਾੜ ਵਿਖੇ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ 15 ਸਾਲਾਂ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦਰਅਸਲ ਇਹ ਕਤਲ ਵਿਆਹ ਸਮਾਗਮ ਵਿੱਚ ਡੀਜੇ ਵਾਲੇ ਦੇ ਨਾਲ ਪੈਸਿਆਂ ਨੂੰ ਲੈਕੇ ਹੋਈ ਬਹਿਸ ਤੋਂ ਬਾਅਦ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਵਿਆਹ 'ਚ ਨੱਚ ਰਹੇ ਆਕਾਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਆਂਸਲ ਉਤਾੜ ਨੇ ਡੀਜੇ ਵਾਲੇ ਤੋਂ 200 ਰੁਪਏ ਦੀਆਂ ਪਰਚੀਆਂ ਮੰਗੀਆਂ ਸਨ। ਜਦੋਂ ਉਸ ਨੇ ਪਰਚੀਆਂ ਨਹੀਂ ਦਿੱਤੀਆਂ ਤਾਂ ਉਹਨਾਂ ਗੋਲੀ ਚਲਾ ਦਿੱਤੀ। ਇਹ ਗੋਲੀ 15 ਸਾਲਾਂ ਨੌਜਵਾਨ ਨੂੰ ਲੱਗੀ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ।
ਪੈਸਿਆਂ ਨੂੰ ਲੈਕੇ ਮਾਰੀ ਗੋਲੀ :ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਜੇ ਵਾਲੇ ਨੌਜਵਾਨ ਕਰਨ ਪੁੱਤਰ ਲਾਲ ਮਸੀਹ ਨੇ ਦੱਸਿਆ ਕਿ ਉਹ ਪਿੰਡ ਆਂਸਲ ਉਤਾੜ ਗੁਰਪ੍ਰੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਦੇ ਘਰ ਕੋਈ ਫੰਕਸ਼ਨ ਸੀ। ਜਿਸ ਉਹ ਪੰਜ ਛੇ ਨੌਜਵਾਨਾਂ ਨਾਲ ਡੀਜੇ ਲੈ ਕੇ ਗਿਆ ਹੋਇਆ ਸੀ ਅਤੇ ਜਦ ਡੀਜੇ ਲੱਗਾ ਹੋਇਆ ਸੀ ਤਾਂ ਆਕਾਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਨੱਚਦੇ ਸਮੇਂ ਸੁਰਜੀਤ ਸਿੰਘ ਤੋਂ ਪਰਚੀਆਂ ਮੰਗੀਆਂ ਤਾਂ ਅੱਗਿਓਂ ਸੁਰਜੀਤ ਸਿੰਘ ਨੇ ਪਰਚੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਆਕਾਸ਼ ਦੀਪ ਸਿੰਘ ਨੇ ਕਿਹਾ ਕਿ ਜੇ ਇਹ ਪਰਚੀਆਂ ਨਹੀਂ ਦਿੰਦਾ ਤਾਂ ਇਹਦੇ ਗੋਲੀ ਮਾਰਦੇ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਸੁਰਜੀਤ ਸਿੰਘ ਦੇ ਗੋਲੀ ਮਾਰ ਦਿੱਤੀ ਜੋ ਉਸ ਦੀ ਛਾਤੀ ਵਿੱਚ ਵੱਜੀ। ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।