ਚੰਡੀਗੜ੍ਹ: ਬੀਤੀ ਰਾਤ ਅਮਰੀਕਾ ਤੋਂ ਡਿਪੋਰਟ ਕੀਤੇ 119 ਭਾਰਤੀਆਂ ਨੂੰ ਲੈਕੇ ਅਮਰੀਕੀ ਜਹਾਜ਼ ਅੰਮ੍ਰਿਤਸਰ ਪਹੁੰਚਿਆ, ਜਿਥੇ ਵੱਖ-ਵੱਖ ਸੂਬਿਆਂ ਨਾਲ ਸਬੰਧਿਤ ਲੋਕਾਂ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਾਣ-ਪੀਣ ਤੋਂ ਇਲਾਵਾ ਰਹਿਣ ਅਤੇ ਉਨ੍ਹਾਂ ਦੇ ਆਉਣ-ਜਾਣ ਲਈ ਵੱਖ-ਵੱਖ ਸਾਧਨਾਂ ਦਾ ਇੰਤਜ਼ਾਮ ਕੀਤਾ ਗਿਆ। ਉਥੇ ਹੀ ਹਰਿਆਣਾ ਸਰਕਾਰ ਵੱਲੋਂ ਆਪਣੇ ਲੋਕਾਂ ਨੂੰ ਲੈਕੇ ਜਾਣ ਲਈ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਉੱਤੇ ਕੈਦੀਆਂ ਨੂੰ ਲੈਕੇ ਜਾਣ ਵਾਲੀਆਂ ਪੁਲਿਸ ਦੀਆਂ ਬੱਸਾਂ ਭੇਜੀਆਂ ਗਈਆਂ। ਜਿਸ ਨੂੰ ਲੈਕੇ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਧਾਲੀਵਾਲ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਇਸ ਦੀ ਨਿਖੇਧੀ ਕੀਤੀ।
#WATCH | Punjab | The second batch of illegal Indian immigrants who were deported from the US and brought to Amritsar today are now being sent to their respective states.
— ANI (@ANI) February 16, 2025
Visuals of immigrants from Haryana taken from Amritsar airport. pic.twitter.com/Y9on7i8KbA
ਆਪਣੇ ਦੇਸ਼ 'ਚ ਨੌਜਵਾਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਰਤੀ ਨੌਜਵਾਨ ਪਹਿਲਾਂ ਹੀ ਅਮਰੀਕਾ ਸਰਕਾਰ ਦੇ ਤਸ਼ੱਦਦ ਦਾ ਸ਼ਿਕਾਰ ਹੋ ਕੇ ਆਏ ਹਨ। ਉਨ੍ਹਾਂ ਨੂੰ ਕਈ ਘੰਟਿਆਂ ਦੇ ਸਫ਼ਰ ਵਿੱਚ ਬਿਨਾਂ ਕਿਸੇ ਜੁਰਮ ਦੇ ਬੇੜੀਆਂ 'ਚ ਬੰਨ੍ਹ ਕੇ ਲਿਆਂਦਾ ਜਾ ਰਿਹਾ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਵੀ ਸਨਮਾਨ ਦੀ ਥਾਂ 'ਤੇ ਮਾਯੂੂਸੀ ਅਤੇ ਜ਼ਲਾਲਤ ਹੀ ਮਿਲ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਲੈਕੇ ਜਾਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਤਣਾਅ ਅਤੇ ਮਾਨਸਿਕ ਪੀੜਾ ਦੇਣਾ।
ਭਾਜਪਾ ਦੀ ਨਕਾਮੀ
ਧਾਲੀਵਾਲ ਨੇ ਕਿਹਾ ਕਿ ਬੱਸਾਂ ਦੇ ਬਾਹਰ ਮੋਟੇ ਜਾਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮੰਤਰੀ ਅਨਿਲ ਵਿੱਜ ਕੋਲ ਟਰਾਂਸਪੋਰਟ ਮੰਤਰਾਲਾ ਹੈ ਅਤੇ ਉਨ੍ਹਾਂ ਵੱਲੋਂ ਹਰਿਆਣਾ ਦੇ ਨੌਜਵਾਨਾਂ ਲਈ ਕੋਈ ਖ਼ਾਸ ਇੰਤਜ਼ਾਮ ਨਾ ਕਰਨਾ, ਹਰਿਆਣਾ ਸਰਕਾਰ ਦਾ ਫੇਲੀਅਰ ਹੈ। ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਹਰਿਆਣਾ ਦੇ ਨੌਜਵਾਨਾਂ ਨਾਲ ਅਜਿਹਾ ਵਤੀਰਾ ਮਾੜੀ ਗੱਲ ਹੈ।
#WATCH | Punjab: The aircraft carrying the second batch of illegal Indian immigrants from the US, lands at the Amritsar airport. pic.twitter.com/5SNlv6YAqk
— ANI (@ANI) February 15, 2025
ਭਾਰਤ ਆਇਆ ਅਮਰੀਕਾ ਦਾ ਦੂਜਾ ਜਹਾਜ਼
ਜ਼ਿਕਰਯੋਗ ਹੈ ਕਿ ਬੀਤੀ ਰਾਤ ਅਮਰੀਕਾ ਦਾ ਦੂਜਾ ਜਹਾਜ਼ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਉੱਤੇ ਆਇਆ ਹੈ। ਇਸ ਜਹਾਜ਼ ਵਿੱਚ 119 ਭਾਰਤੀ ਸਵਾਰ ਸਨ। ਇਨ੍ਹਾਂ ਵਿੱਚ ਪੰਜਾਬ ਦੇ 67 ਲੋਕ, ਹਰਿਆਣਾ ਦੇ 33 ਅਤੇ ਗੁਜਰਾਤ ਦੇ 8, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2 ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 1-1 ਵਿਅਕਤੀ ਸ਼ਾਮਲ ਹੈ। ਇੰਨ੍ਹਾਂ 'ਚ ਜਿਆਦਾਤਰ 18 ਤੋਂ 30 ਸਾਲ ਦੇ ਲੋਕ ਸ਼ਾਮਲ ਸਨ।
5 ਫਰਵਰੀ ਨੂੰ ਆਇਆ ਸੀ ਪਹਿਲਾ ਜਹਾਜ਼
ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 5 ਫਰਵਰੀ ਨੂੰ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਗਲੋਬਮਾਸਟਰ ਰਾਹੀਂ 104 ਭਾਰਤੀਆਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਸੀ। ਇਨ੍ਹਾਂ ਵਿੱਚ ਪੰਜਾਬ ਦੇ 30 ਅਤੇ ਹਰਿਆਣਾ ਅਤੇ ਗੁਜਰਾਤ ਦੇ 33-33 ਲੋਕ ਸ਼ਾਮਲ ਸਨ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ 3 ਚੰਡੀਗੜ੍ਹ ਦੇ 2 ਅਤੇ ਉੱਤਰ ਪ੍ਰਦੇਸ਼ ਦੇ ਵੀ 2 ਲੋਕ ਸ਼ਾਮਲ ਸਨ। ਇਨ੍ਹਾਂ ਲੋਕਾਂ ਨੂੰ ਹੱਥਾਂ ਵਿੱਚ ਹਥਕੜੀਆਂ ਅਤੇ ਲੱਤਾਂ ਵਿੱਚ ਬੇੜੀਆਂ ਬੰਨ੍ਹ ਕੇ ਲਿਆਂਦਾ ਗਿਆ ਸੀ। ਜਿਸ ਦੀ ਹਰ ਪਾਸੇ ਨਿਖੇਧੀ ਹੋਈ ਅਤੇ ਹੁਣ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਜਹਾਜ਼ ਦੇ ਅੰਮ੍ਰਿਤਸਰ ਉਤਾਰੇ ਜਾਣ ਦੀ ਨਿੰਦਾ ਕੀਤੀ ਗਈ ਹੈ।