AAP ਦੀਆਂ ਵਿਕਾਸ ਰੈਲੀਆਂ 'ਚ ਕਰੋੜਾਂ ਦਾ ਸਰਕਾਰੀ ਖਰਚ (ETV BHARAT) ਬਠਿੰਡਾ: ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਕੀਤੀਆਂ ਗਈਆਂ ਵਿਕਾਸ ਰੈਲੀਆਂ 'ਤੇ ਹੋਏ ਕਰੋੜਾਂ ਦੇ ਖਰਚੇ ਨੂੰ ਲੈ ਕੇ ਉਂਗਲ ਉੱਠਣੀ ਸ਼ੁਰੂ ਹੋ ਗਈ ਹੈ। ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ 17 ਦਸੰਬਰ 2023 ਨੂੰ ਕੀਤੀ ਗਈ ਵਿਕਾਸ ਰੈਲੀ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਸੀ। ਇਸ ਸਬੰਧੀ ਆਰਟੀਆਈ ਐਕਟੀਵਿਸਟ ਰਾਜਨਦੀਪ ਸਿੰਘ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ।
ਆਰੀਟੀਆਈ ਕਾਰਕੁੰਨ ਦਾ ਖੁਲਾਸਾ: ਰਾਜਨਦੀਪ ਸਿੰਘ ਵੱਲੋਂ ਪੰਜਾਬ ਸਰਕਾਰ ਤੋਂ ਵਿਕਾਸ ਰੈਲੀ ਦੇ ਨਾਂ 'ਤੇ ਮੌੜ ਮੰਡੀ ਵਿਖੇ ਕੀਤੇ ਗਏ ਇਕੱਠ ਦੇ ਖਰਚੇ ਸਬੰਧੀ ਆਰਟੀਆਈ ਰਾਹੀਂ ਵੇਰਵਾ ਮੰਗਿਆ ਗਿਆ ਸੀ। ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਇਸ ਰੈਲੀ ਨੂੰ ਲੈ ਕੇ ਕਰੀਬ 4 ਕਰੋੜ 16 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਜਦੋਂ ਕਿ ਹੋਰਨਾਂ ਜ਼ਿਲ੍ਹਿਆਂ ਵੱਲੋਂ ਇਸ ਰੈਲੀ ਵਿੱਚ ਕਿੰਨਾ ਖਰਚ ਕੀਤਾ ਗਿਆ ਉਸ ਦੇ ਵੇਰਵੇ ਆਉਣੇ ਹਲੇ ਬਾਕੀ ਹਨ। ਰਾਜਨਦੀਪ ਸਿੰਘ ਨੇ ਦੱਸਿਆ ਕਿ ਵੀਆਈਪੀ ਕਲਚਰ ਦਾ ਆਪਣੇ ਆਪ ਨੂੰ ਵੱਡਾ ਵਿਰੋਧੀ ਦੱਸਣ ਵਾਲੀ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਰੈਲੀਆਂ ਦੇ ਨਾਂ 'ਤੇ ਲੋਕਾਂ ਦੇ ਟੈਕਸ ਦਾ ਪੈਸਾ ਕਰੋੜਾਂ ਦੇ ਰੂਪ ਵਿੱਚ ਖਰਚਿਆ ਗਿਆ।
AAP ਦੀਆਂ ਵਿਕਾਸ ਰੈਲੀਆਂ 'ਚ ਕਰੋੜਾਂ ਦਾ ਸਰਕਾਰੀ ਖਰਚ (ETV BHARAT) ਸਰਕਾਰੀ ਖ਼ਜ਼ਾਨੇ ਨੂੰ ਚੂਨਾ: ਸਿਰਫ ਆਪਣੀ ਰਾਜਨੀਤਿਕ ਸ਼ਾਖ ਬਣਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਪੰਜਾਬੀਆਂ ਦੇ ਮਿਹਨਤ ਦਾ ਪੈਸਾ ਲੱਖਾਂ 'ਚ ਨਹੀਂ ਕਰੋੜਾਂ ਵਿੱਚ ਵਿਕਾਸ ਰੈਲੀਆਂ ਦੇ ਨਾਂ 'ਤੇ ਖਰਚ ਕੀਤਾ ਗਿਆ, ਇਸ ਲਈ ਕੌਣ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਹੈ, ਪੰਜਾਬ ਸਰਕਾਰ ਕਰਜ਼ਾ ਲੈ ਕੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਰਹੀ ਹੈ। ਆਖਿਰ ਅਜਿਹੀ ਕਿਹੜੀ ਮਜਬੂਰੀ ਸੀ ਕਿ ਵਿਕਾਸ ਰੈਲੀਆਂ ਦੇ ਨਾਂ 'ਤੇ ਕਰੋੜਾਂ ਰੁਪਏ ਪੰਜਾਬ ਵਿੱਚ ਖਰਚੇ ਗਏ ਅਤੇ ਇਸ ਦੇ ਮੋਟੇ ਬਿੱਲ ਡਿਪਟੀ ਕਮਿਸ਼ਨਰਾਂ ਵੱਲੋਂ ਉਤਾਰੇ ਗਏ।
ਰੈਲੀ ਲਈ ਟ੍ਰਾਂਸਪੋਰਟ ਨੂੰ ਕਰੋੜਾਂ ਦੀ ਅਦਾਇਗੀ: ਉਹਨਾਂ ਕਿਹਾ ਕਿ ਬਠਿੰਡਾ ਦੇ ਮੌੜ ਮੰਡੀ ਵਿੱਚ 17 ਦਸੰਬਰ 2023 ਨੂੰ ਹੋਈ ਵਿਕਾਸ ਰੈਲੀ ਵਿੱਚ ਈਵੈਂਟ ਮੈਨੇਜਮੈਂਟ ਕੰਪਨੀ ਨੂੰ ਇਕ ਕਰੋੜ 62 ਲੱਖ 80313 ਰੁਪਏ ਦਿੱਤੇ ਗਏ। ਇਸ ਰੈਲੀ ਵਿੱਚ ਵਰਕਰਾਂ ਨੂੰ ਲੈ ਕੇ ਆਉਣ ਲਈ ਸਰਕਾਰੀ ਅਤੇ ਪ੍ਰਾਈਵੇਟ 1751 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇੰਨਾਂ ਬੱਸਾਂ ਦੇ ਕਿਰਾਏ ਵਜੋਂ ਪੈਪਸੂ ਰੋਡਵੇਜ਼ ਨੂੰ 55 ਲੱਖ 86 ਹਜ਼ਾਰ 946 ਰੁਪਏ , ਪੰਜਾਬ ਰੋਡਵੇਜ਼ ਨੂੰ 79 ਲੱਖ 57 ਹਜ਼ਾਰ 499 ਰੁਪਏ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ 54 ਲੱਖ 20 ਹਜ਼ਾਰ 988 ਰੁਪਏ ਅਦਾਇਗੀ ਕੀਤੀ ਗਈ।
ਆਮ ਆਦਮੀ ਪਾਰਟੀ ਸੱਤਾ 'ਚ ਇਹ ਹੀ ਗੱਲ ਲੈਕੇ ਆਈ ਸੀ ਕਿ ਅਸੀਂ ਵੀਆਈਪੀ ਕਲਚਰ ਨੂੰ ਖ਼ਤਮ ਕਰਾਂਗੇ ਪਰ ਹੁਣ ਇਹ ਖੁਦ ਉਨ੍ਹਾਂ ਤੋਂ ਵੀ ਵੱਧ ਵੀਆਈਪੀ ਕਲਚਰ ਨੂੰ ਅਪਣਾ ਰਹੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰ ਇੱਕ ਹਲਕੇ 'ਚ ਸਰਕਾਰ ਨੇ ਕਈ ਰੈਲੀਆਂ ਕੀਤੀਆਂ, ਉਨ੍ਹਾਂ 'ਚ ਇੱਕ ਰੈਲੀ ਬਠਿੰਡਾ ਵੀ ਹੋਈ ਸੀ। ਇਸ ਰੈਲੀ 'ਚ ਸਰਕਾਰ ਨੇ ਕਾਫੀ ਮਹਿੰਗੇ ਪ੍ਰਬੰਧ ਕੀਤੇ ਸਨ ਤੇ ਆਮ ਲੋਕ ਦਫ਼ਤਰਾਂ 'ਚ ਉਦੋਂ ਖੱਜਲ ਵੀ ਹੋਏ। ਇਸ ਸਬੰਧੀ ਜਦੋਂ ਆਰਟੀਆਈ ਪਾਈ ਗਈ ਤਾਂ ਖੁਲਾਸਾ ਹੋਇਆ ਕਿ ਇਸ ਰੈਲੀ ਦਾ ਭੁਗਤਾਨ ਬਠਿੰਡਾ ਡੀਸੀ ਵਲੋਂ ਸਰਕਾਰੀ ਖ਼ਜ਼ਾਨੇ ਤੋਂ ਕੀਤਾ ਗਿਆ, ਜਿਸ ਦੀ ਕੁੱਲ ਕੀਮਤ ਚਾਰ ਕਰੋੜ ਸੋਲ੍ਹਾਂ ਲੱਖ ਸੀ।-ਰਾਜਨਦੀਪ ਸਿੰਘ, RTI ਐਕਟੀਵਿਸਟ
ਕੁਝ ਇਸ ਤਰ੍ਹਾਂ ਕੀਤਾ ਖਰਚ: ਇਸ ਤੋਂ ਇਲਾਵਾ ਰੈਲੀ ਵਿੱਚ ਆਉਣ ਵਾਲੇ ਵਰਕਰਾਂ ਦੇ ਖਾਣੇ ਨੂੰ ਲੈ ਕੇ 25 ਲੱਖ 33 ਹਜ਼ਾਰ 545 ਰੁਪਏ ਦੀ ਅਦਾਇਗੀ ਕੀਤੀ ਗਈ। ਪਾਣੀ ਦੀਆਂ ਬੋਤਲਾਂ ਸਬੰਧੀ 3 ਲੱਖ 13 ਹਜ਼ਾਰ,849 ਰੁਪਏ ਦੀ ਅਦਾਇਗੀ ਕੀਤੀ ਗਈ। ਇਸ ਤੋਂ ਇਲਾਵਾ ਪੱਤਰਕਾਰਾਂ ਦਾ ਠਹਿਰਾਅ ਹੋਟਲ ਵਿੱਚ ਕੀਤਾ ਗਿਆ, ਜਿਸ ਦੀ ਅਦਾਇਗੀ 1 ਲੱਖ 17 ਹਜ਼ਾਰ 209 ਰੁਪਏ ਕੀਤੀ ਗਈ। ਰੈਲੀ ਵਾਲੇ ਦਿਨ ਗਾਇਕ ਨਛੱਤਰ ਗਿੱਲ ਨੂੰ ਪ੍ਰੋਗਰਾਮ ਸਬੰਧੀ 3 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ। ਇਸ ਦੇ ਨਾਲ ਹੀ 83 ਹਜ਼ਾਰ 614 ਰੁਪਏ ਦੇ ਮੁਮੈਂਟੋ ਖਰੀਦੇ ਗਏ, ਪ੍ਰਿੰਟਿੰਗ ਮਟੀਰੀਅਲ 'ਤੇ 79 ਹਜ਼ਾਰ 12 ਰੁਪਏ ਖਰਚ ਕੀਤੇ ਗਏ। ਇਸ ਦੇ ਨਾਲ ਹੀ ਸ਼ਾਵਲ 'ਤੇ 7 ਹਜ਼ਾਰ 590 , ਫੁੱਲਾਂ ਅਤੇ ਤੋਲੀਏ ਖਰੀਦਣ 'ਤੇ 17 ਹਜ਼ਾਰ 500, ਹੈਲੀਪੈਡ ਬਣਾਉਣ ਲਈ 22 ਏਕੜ, ਸੱਤ ਕਨਾਲ ਛੇ ਮਰਲੇ ਜਮੀਨ ਲਈ 5 ਲੱਖ 72 ਹਜ਼ਾਰ 812 ਰੁਪਏ ਦਾ ਮੁਆਵਜ਼ਾ ਦਿੱਤਾ ਗਿਆ।
ਵੀਆਈਪੀ ਤੇ ਵੀਵੀਆਈਪੀ ਲਈ ਖਰਚ: ਇਸ ਤੋਂ ਇਲਾਵਾ 5 ਨੈਟ ਦੀ ਲੀਜ ਲਾਈਨ ਲੈਣ ਲਈ 1 ਲੱਖ 15 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ। ਇੰਟਰਨੈਟ ਲਈ 3 ਲੱਖ 13 ਹਜ਼ਾਰ 412 ਰੁਪਏ ਦੀ ਅਦਾਇਗੀ ਕੀਤੀ ਗਈ। ਵੀਵੀਆਈਪੀ ਮਹਿਮਾਨਾਂ ਲਈ ਟੋਇਲਟ ਉੱਤੇ 3 ਲੱਖ 6469 ਖਰਚ ਕੀਤੇ ਗਏ। ਵੀਆਈਪੀ ਦੇ ਖਾਣੇ ਉੱਪਰ 50 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ। ਪੱਤਰਕਾਰਾਂ ਅਤੇ ਵੀਆਈਪੀ ਦੇ ਖਾਣੇ ਉੱਪਰ 16 ਲੱਖ ਰੁਪਏ ਖਰਚੇ ਗਏ ਅਤੇ ਮੁੱਖ ਮੰਤਰੀ ਲਈ ਛੇ ਪ੍ਰਾਈਵੇਟ ਟੈਕਸੀ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ 17 ਹਜ਼ਾਰ 200 ਰੁਪਏ ਦੀ ਅਦਾਇਗੀ ਕੀਤੀ ਗਈ। ਇਹ ਵੇਰਵੇ ਸਿਰਫ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਮੌੜ ਮੰਡੀ ਵਿਖੇ ਹੋਈ ਰੈਲੀ ਸਬੰਧੀ ਉਪਲਬਧ ਕਰਾਏ ਗਏ ਹਨ, ਜਿਸ ਦਾ ਕੁੱਲ ਜੋੜ 4 ਕਰੋੜ 16 ਲੱਖ 96 ਹਜ਼ਾਰ 668 ਰੁਪਏ ਬਣਦਾ ਹੈ।
ਵੀਆਈਪੀ ਕਲਚਰ ਨੂੰ ਭੰਡਣ ਵਾਲੀ ਪਾਰਟੀ: ਉਹਨਾਂ ਕਿਹਾ ਕਿ ਜੇਕਰ ਕੁੱਲ ਰੈਲੀ ਦਾ ਖਰਚਾ ਜੋੜਿਆ ਜਾਵੇ ਤਾਂ ਇਹ ਸੱਤ ਤੋਂ ਅੱਠ ਕਰੋੜ ਰੁਪਏ ਹੋਵੇਗਾ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਪੰਜਾਬ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਹੈ, ਦੂਸਰੇ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਕਰੋੜਾਂ ਰੁਪਏ ਰੈਲੀਆਂ 'ਤੇ ਖਰਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਸ ਵੀਆਈਪੀ ਕਲਚਰ ਦੀ ਵਿਰੋਧਤਾ ਕਰਦੇ ਸਨ, ਅੱਜ ਉਸੇ ਕਲਚਰ ਨੂੰ ਅੱਗੇ ਵਧਾ ਦੇ ਰਹੇ ਹਨ ਅਤੇ ਪੰਜਾਬ ਸਿਰ ਕਰਜੇ ਦੀ ਪੰਡ ਹੋਰ ਵਧਾ ਰਹੇ ਹਨ। ਜਿਸ ਦਾ ਬੋਝ ਅਖੀਰ ਵਿੱਚ ਪੰਜਾਬੀਆਂ ਨੂੰ ਹੀ ਚੁੱਕਣਾ ਪਵੇਗਾ, ਸੋ ਪੰਜਾਬੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ।