ਹੁਸ਼ਿਆਰਪੁਰ: ਹਲਕਾ ਦਸੂਹਾ ਦੇ ਇੱਕ 24 ਸਾਲਾ ਨੌਜਵਾਨ ਦੀ ਹਾਲ ਹੀ ਵਿੱਚ ਪੁਰਤਗਾਲ ਦੇ ਲਿਸਬਨ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਤਜਿੰਦਰ ਸਿੰਘ ਦੀ ਮ੍ਰਿਤਕ ਦੇਹ 16 ਦਿਨਾਂ ਬਾਅਦ ਅੱਜ ਉਸ ਦੇ ਜੱਦੀ ਪਿੰਡ ਉਸਮਾਨ ਸ਼ਹੀਦ ਵਿਖੇ ਪੁੱਜੀ। ਰੋਂਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਪੂਰੀਆਂ ਰਸਮਾਂ ਨਾਲ ਤਜਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ। ਪਰਿਵਾਰ ਨੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਇੱਥੇ ਲਿਆਉਣ ਲਈ ਪ੍ਰਵਾਸੀ ਵੀਰਾਂ ਦਾ ਧੰਨਵਾਦ ਕੀਤਾ।
ਡੇਢ ਸਾਲ ਪਹਿਲਾਂ ਪੁਰਤਗਾਲ ਗਿਆ ਸੀ ਨੌਜਵਾਨ:ਪਰਿਵਾਰ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਜਿੰਦਰ ਸਿੰਘ ਆਪਣੀ ਡਿਊਟੀ ਖ਼ਤਮ ਕਰਕੇ ਘਰ ਪਰਤ ਰਿਹਾ ਸੀ। ਹਾਦਸੇ ਦੌਰਾਨ ਕਾਰ ਵਿੱਚ ਪੰਜ ਨੌਜਵਾਨ ਸਵਾਰ ਸਨ ਜਿਸ ਵਿੱਚੋਂ ਤਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੋਰ ਨੌਜਵਾਨਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਭਗਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 16 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਨੂੰ ਪੁਰਤਗਾਲ ਭੇਜਿਆ ਸੀ, ਤਾਂ ਜੋ ਘਰ ਦੀ ਆਰਥਿਕ ਹਾਲਤ ਚੰਗੀ ਹੋ ਸਕੇ।