ਚੰਡੀਗੜ੍ਹ :ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਆਪਣੇ ਸਾਬਕਾ ਕਰੀਬੀ ਸਾਥੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਇੱਕ ਵਾਰ ਫਿਰ ਤੋਂ ਸ਼ਬਦੀ ਹਮਲੇ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹਨਾਂ ਦੋਵਾਂ ਦੀ ਬਿਆਨਬਾਜ਼ੀ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਜਿੱਥੇ ਜ਼ਿਮਨੀ ਚੋਣਾਂ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ "ਮੰਦਬੁੱਧੀ ਬੱਚਾ" ਕਿਹਾ ਹੈ।
'ਰਵਨੀਤ ਬਿੱਟੂ ਇੱਕ ਮੰਦਬੁੱਧੀ ਬੱਚਾ ਹੈ'
ਦਰਅਸਲ ਜ਼ਿਮਨੀ ਚੋਣਾਂ ਵਿੱਚ ਗਿੱਦੜਬਾਹਾ ਦੀ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੂੰ ਲੈਕੇ ਰਵਨੀਤ ਬਿੱਟੂ ਨੇ ਬੀਤੇ ਦਿਨੀਂ ਤੰਜ ਕਸਿਆ ਅਤੇ ਕਿਹਾ ਕਿ ਰਾਜੇ ਨੇ ਆਪਣੀ ਰਾਣੀ ਨੂੰ ਸਿਰਫ 364 ਵੱਲ ਹੀ ਸਿਖਾਏ ਸਨ ਅਤੇ ਇੱਕ ਵੱਲ ਰਹਿ ਗਿਆ ਜਿਸ ਨਾਲ ਉਹਨਾਂ ਨੂੰ ਹਾਰ ਮਿਲੀ। ਇਸ 'ਤੇ ਪਲਟਵਾਰ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ 'ਰਵਨੀਤ ਬਿੱਟੂ ਇੱਕ ਮੰਦਬੁੱਧੀ ਬੱਚਾ ਹੈ' ਉਹ ਕਦੇ ਵੀ ਕੁਝ ਵੀ ਕਹਿ ਸਕਦਾ ਹੈ ਇਸ ਲਈ ਉਸ ਦੀਆਂ ਗੱਲਾਂ ਨੂੰ ਬਹੁਤਾ ਦਿਲ 'ਤੇ ਨਾ ਲਾਓ।
ਭਗਵੰਤ ਮਾਨ ਨਾਲ ਰਲੇ ਹੋਏ ਬਿੱਟੂ
ਇਕ ਹੋਰ ਬਿਆਨ ਉੱਤੇ ਟਿਪਣੀ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਆਗੂ ਮਨਪ੍ਰੀਤ ਬਾਦਲ ਦੇ ਹਾਰਨ ਦਾ ਅਫਸੋਸ ਕਰਨ ਦੀ ਬਜਾਏ ਰਵਨੀਤ ਬਿੱਟੂ ਆਪ ਉਮੀਦਵਾਰ ਦੇ ਜਿੱਤਣ ਦੀ ਖੁਸ਼ੀ ਮੰਨਾ ਰਹੇ ਹਨ, ਉਹਨਾਂ ਨੇ 12 ਦਿਨ ਗਿੱਦੜਬਾਹਾ ਵਿੱਚ ਮਨਪ੍ਰੀਤ ਬਾਦਲ ਲਈ ਪ੍ਰਚਾਰ ਨਹੀਂ ਕੀਤਾ ਬਲਕਿ ਉਹਨਾਂ ਦੀ ਮੰਜੀ ਠੋਕਣ ਹੀ ਆਏ ਸਨ। ਬਿੱਟੂ ਪਹਿਲਾਂ ਹੀ ਮਨਪ੍ਰੀਤ ਬਾਦਲ ਨੂੰ ਗਾਲਾਂ ਕਢਦੇ ਸਨ ਅਤੇ ਉਹਨਾਂ ਨੇ ਆਪਣੇ ਹੀ ਸਾਥੀ ਨੂੰ ਹਰਾ ਕੇ ਬਦਲਾ ਲਿਆ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਬਿੱਟੂ ਮੁੱਖ ਮੰਤਰੀ ਭਵੰਤ ਮਾਨ ਨਾਲ ਰਲੇ ਹੋਏ ਹਨ।