ਪਠਾਨਕੋਟ: ਇਹ ਖ਼ਬਰ ਰੇਲਵੇ 'ਚ ਸਫ਼ਰ ਕਰਨ ਵਾਲਿਆਂ ਲਈ ਬਹੁਤ ਖ਼ਾਸ ਹੈ। ਜੇਕਰ ਤੁਸੀਂ ਆਉਣ ਵਾਲੇ ਦਿਨਾਂ 'ਚ ਰੇਲ ਗੱਡੀ ਦੇ ਸਫ਼ਰ ਦਾ ਆਨੰਦ ਲੈਣ ਦੀ ਸੋਚ ਰਹੇ ਹੋ ਤਾਂ ਸ਼ਾਇਦ ਤੁਹਾਡੀ ਇਹ ਯੋਜਨਾ ਸਫ਼ਲ ਨਹੀਂ ਹੋ ਸਕੇਗੀ। ਇਸ ਦਾ ਕਾਰਨ 1 ਨਹੀਂ, 2 ਨਹੀਂ ਬਲਕਿ 56 ਦਿਨਾਂ ਲਈ ਟ੍ਰੇਨਾਂ ਦਾ ਰੱਦ ਹੋਣਾ ਹੈ। ਜੀ ਹਾਂ 56 ਦਿਨਾਂ ਟ੍ਰੇਨਾਂ ਨਹੀਂ ਚੱਲਣਗੀਆਂ।
ਕਿਹੜੀਆਂ-ਕਿਹੜੀਆਂ ਟ੍ਰੇਨਾਂ ਰੱਦ
ਤੁਹਾਨੂੰ ਦਸ ਦਈਏ ਕਿ ਜੰਮੂ ਕਸ਼ਮੀਰ ਵਿਖੇ ਰੇਲਵੇ ਟਰੈਕ ਦਾ ਕੰਮ ਜ਼ੋਰਾਂ ‘ਤੇ ਹੋਣ ਦੀ ਵਜ੍ਹਾ ਨਾਲ ਵਿਭਾਗ ਵੱਲੋਂ 53 ਦਿਨਾਂ ਲਈ ਜੰਮੂ ਨੂੰ ਜਾਣ ਵਾਲੀਆਂ ਜਿਆਦਾਤਰ ਟ੍ਰੇਨਾਂ ਨੂੰ ਰੱਦ ਕਰ ਦਿਤਾ ਗਿਆ ਹੈ। ਮੁਅੱਤਲ ਰਹਿਣ ਵਾਲੀਆਂ ਮੁੱਖ ਰੇਲਗੱਡੀਆਂ ਵਿੱਚ ਜੰਮੂ ਅਤੇ ਬਾੜਮੇਰ ਵਿਚਕਾਰ ਸ਼ਾਲੀਮਾਰ ਐਕਸਪ੍ਰੈਸ (6 ਮਾਰਚ ਤੱਕ), ਪਠਾਨਕੋਟ ਅਤੇ ਊਧਮਪੁਰ ਵਿਚਕਾਰ ਚੱਲਣ ਵਾਲੀਆਂ ਡੀਜ਼ਲ ਮਲਟੀਪਲ ਯੂਨਿਟਾਂ (6 ਮਾਰਚ ਤੱਕ), ਜੰਮੂ ਅਤੇ ਪਟਨਾ ਵਿਚਕਾਰ ਚੱਲਣ ਵਾਲੀਆਂ ਅਰਚਨਾ ਐਕਸਪ੍ਰੈਸ (5 ਮਾਰਚ ਤੱਕ) ਅਤੇ ਇੰਦੌਰ-ਊਧਮਪੁਰ ਹਫ਼ਤਾਵਾਰੀ ਰੇਲਗੱਡੀ (5 ਮਾਰਚ ਤੱਕ) ਸ਼ਾਮਿਲ ਹਨ।ਅਧਿਕਾਰੀਆਂ ਨੇ ਕਿਹਾ ਕਿ ਜੰਮੂ ਰੇਲਵੇ ਸਟੇਸ਼ਨ ਦੇ ਚੱਲ ਰਹੇ ਪੁਨਰ ਵਿਕਾਸ ਦੇ ਕਾਰਨ, ਅਗਲੇ 56 ਦਿਨਾਂ ਲਈ ਘੱਟੋ-ਘੱਟ 65 ਰੇਲਗੱਡੀਆਂ ਜੰਮੂ ਤੋਂ ਆਉਣ-ਜਾਣ ਲਈ ਮੁਅੱਤਲ ਰਹਿਣਗੀਆਂ। ਇਸ ਵਿੱਚ ਜੰਮੂ-ਪਟਨਾ ਅਤੇ ਇੰਦੌਰ-ਊਧਮਪੁਰ ਸਮੇਤ ਕਈ ਰੂਟਾਂ 'ਤੇ ਲੰਬੀ ਦੂਰੀ ਦੀਆਂ ਰੇਲਗੱਡੀਆਂ ਨੂੰ ਮੁਅੱਤਲ ਕਰਨਾ ਸ਼ਾਮਿਲ ਹੈ।
ਮੁਸਾਫ਼ਿਰ ਹੋਏ ਖੱਜਲ-ਖੁਆਰ
ਇਸ ਮੌਕੇ ਜੰਮੂ ਕਸ਼ਮੀਰ ਜਾਣ ਵਾਲੇ ਮੁਸਾਫ਼ਿਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਮੁਸਾਫ਼ਿਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ, ਪਰ ਟ੍ਰੇਨਾਂ ਰੱਦ ਹੋਣ ਦੀ ਵਜ੍ਹਾ ਨਾਲ ਉਹਨਾਂ ਨੂੰ ਪਠਾਨਕੋਟ ਚੱਕੀ ਬੈਕ ਸਟੇਸ਼ਨ ‘ਤੇ ਉਤਾਰ ਦਿੱਤਾ ਹੈ। ਮੁਸਾਫ਼ਿਰਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਬੱਸ ਰਾਹੀਂ ਸਫ਼ਰ ਕਰਨਾ ਬਹੁਤ ਮਹਿੰਗਾ ਪੈ ਰਿਹਾ ਹੈ। ਬੱਸ ‘ਚ ਪ੍ਰਤੀ ਸਵਾਰੀ 400 ਰੁਪਏ ਕਿਰਾਇਆ ਹੈ, ਜੋ ਕਿ ਬਹੁਤ ਮਹਿੰਗਾ ਹੈ।