ਬਠਿੰਡਾ: ਪਿਛਲੇ ਦਿਨੀ ਬਠਿੰਡਾ ਦੇ ਪਿੰਡ ਦਾਨ ਸਿੰਘਾ ਵਾਲਾ ਵਿਖੇ ਅੱਠ ਘਰਾਂ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਪੁਲਿਸ ਨੇ 5 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੁੱਲ 10 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿੰਨਾਂ ਵਿੱਚੋਂ ਮੁੱਖ ਸਾਜ਼ਿਸ਼ਕਰਤਾ ਰਵਿੰਦਰ ਸਿੰਘ ਵੀ ਸ਼ਾਮਿਲ ਹੈ।
ਕੁੱਲ 32 ਲੋਕਾਂ ਖਿਲਾਫ ਮਾਮਲਾ ਦਰਜ
ਜਾਣਕਾਰੀ ਦਿੰਦੇ ਹੋਏ ਐਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ 09 ਜਨਵਰੀ ਦੀ ਰਾਤ ਨੂੰ ਮੁੱਦਈ ਨੇ ਬਿਆਨ ਕੀਤਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਸਪ੍ਰੀਤ ਸਿੰਘ ਦੇ ਅਤੇ ਹੋਰ ਨਾਲ ਦੇ ਕਰੀਬ 7 ਤੋਂ 8 ਘਰਾ ਨੂੰ ਅੱਗ ਲਗਾ ਦਿੱਤੀ ਸੀ ਅਤੇ ਉਨ੍ਹਾ ਦੀ ਕੁੱਟਮਾਰ ਵੀ ਕੀਤੀ ਸੀ। ਜਿਸ ਉੱਤੇ ਉਕਤ ਮੁਕੱਦਮਾ ਦੀ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਕੁੱਲ 32 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਪਿੰਡ ਦਾਨ ਸਿੰਘ ਵਾਲਾ ਵਿਖੇ ਘਰਾਂ ਨੂੰ ਅੱਗ ਲਗਾਉਣ ਵਾਲੇ 05 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮੁਲਜ਼ਮਾਂ ਦਾ ਕੀਤਾ ਜਾਵੇਗਾ ਰਿਮਾਂਡ ਹਾਸਿਲ
ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਰਿਮਾਂਡ ਹਾਸਿਲ ਕੀਤਾ ਜਾਵੇਗਾ। ਹੁਣ ਤੱਕ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਮੁਲਜ਼ਮ ਰੇਸ਼ਮ ਸਿੰਘ ਰਣਜੀਤ ਸਿੰਘ ਵਾਸੀਆਨ ਦਾਨ ਸਿੰਘ ਵਾਲਾ ਅਤੇ ਖੁਸਪ੍ਰੀਤ ਸਿੰਘ ਵਾਸੀ ਮਹਿਮਾ ਸਰਜਾ , ਗੁਰਪ੍ਰੀਤ ਸਿੰਘ ਵਾਸੀ ਕੋਠੇ ਨਾਥੇਆਣਾ ਮਹਿਮਾ ਸਰਜਾ ਅਤੇ ਸਮਿੰਦਰ ਸਿੰਘ ਉਰਫ ਧੱਲੂ ਵਾਸੀ ਦਾਨ ਸਿੰਘ ਵਾਲਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਦਲੇਰ , ਲਭਵੀਰ ਸਿੰਘ ਉਰਫ ਲਭਪ੍ਰੀਤ ਸਿੰਘ , ਅਜੇਪਾਲ ਸਿੰਘ ਉਰਫ ਪਿੰਕਾ , ਧਰਮਪ੍ਰੀਤ ਸਿੰਘ ਵਾਸੀਆਨ ਕੋਠੇ ਜੀਵਨ ਸਿੰਘ ਵਾਲਾ ਅਤੇ ਪਰਮਿੰਦਰ ਸਿੰਘ ਉਰਫ ਹੈਪੀ ਘੁੱਗਾ ਵਾਸੀ ਦਾਨ ਸਿੰਘ ਵਾਲਾ ਵਜੋਂ ਹੋਈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜੋ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਘਿਨੋਣੀ ਘਟਨਾ ਨੂੰ 'ਅੰਜਾਮ ਦਿੱਤਾ ਗਿਆ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਕ੍ਰਮ ਪਿੱਛੇ ਮੁੱਖ ਕਾਰਨ ਇਹ ਹੈ ਕਿ ਮੁਲਜ਼ਮ ਉਕਤਾਨ ਪਹਿਲਾ ਹੀ ਮੁਦੱਈ ਜਸਪ੍ਰੀਤ ਸਿੰਘ ਉਕਤ ਖਾਰ ਖਾਦੇ ਸਨ ਅਤੇ ਇਹਨਾਂ ਦੀ ਆਪਸ ਵਿੱਚ ਕਈ ਵਾਰ ਤੂੰ-ਤੂੰ ਮੈਂ-ਮੈਂ ਵੀ ਹੋਈ ਸੀ। ਜਿਸ ਵਜ੍ਹਾ ਕਰਕੇ ਉਕਤਾਨ ਵੱਲੋਂ ਇਸ ਘਿਨੋਣੀ ਘਟਨਾ ਨੂੰ 'ਅੰਜਾਮ ਦਿੱਤਾ ਗਿਆ।ਉੱਧਰ ਦੂਸਰੇ ਪਾਸੇ ਪੁਲਿਸ ਹਿਰਾਸਤ ਵਿੱਚ ਖੜੇ ਮੁਲਜ਼ਮਾਂ ਦਾ ਕਹਿਣਾ ਸੀ ਕਿ ਦੂਸਰੀ ਧਿਰ ਵੱਲੋਂ ਲਗਾਤਾਰ ਉਹਨਾ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ। ਪਹਿਲਾਂ ਉਹਨਾਂ ਵੱਲੋਂ ਘਰ ਉੱਪਰ ਹਮਲਾ ਕੀਤਾ ਗਿਆ ਤੇ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਤੈਸ਼ ਵਿੱਚ ਆ ਕੇ ਉਹਨਾਂ ਵੱਲੋਂ ਪੈਟਰੋਲ ਪਾ ਕੇ ਅੱਗ ਲਗਾਈ ਗਈ ਨਸ਼ੇ ਦਾ ਇਸ ਘਟਨਾਕ੍ਰਮ ਨਾਲ ਕਿਸੇ ਤਰ੍ਹਾਂ ਦਾ ਵੀ ਵਾਸਤਾ ਨਹੀਂ ਹੈ।