ਬਠਿੰਡਾ: ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਐਲਾਨੇ ਉਮੀਦਵਾਰ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਭਵਨ ਵਿਖੇ ਪਹੁੰਚੇ। ਜਿੱਥੇ ਸਮੁੱਚੀ ਕਾਂਗਰਸ ਲੀਡਰਸ਼ਿਪ ਵੱਲੋਂ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਦੇ ਬਠਿੰਡਾ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਦਿੱਤੇ ਮਾਣ ਲਈ ਉਹ ਹਮੇਸ਼ਾ ਧੰਨਵਾਦ ਰਹਿਣਗੇ ਅਤੇ ਸਮੁੱਚੀ ਕਾਂਗਰਸ ਪਾਰਟੀ ਇਹ ਚੋਣ ਦੇਸ਼ ਦੇ ਹਿੱਤ ਵਿੱਚ ਇੱਕਜੁੱਟ ਹੋ ਕੇ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਕੋਈ ਧੜੇਬੰਦੀ ਨਹੀਂ ਹੈ ਤੇ ਹਰ ਵਰਕਰ ਦਾ ਮਕਸਦ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣਾਉਣਾ ਹੈ ਅਤੇ 10 ਸਾਲ ਤੋਂ ਜੁਮਲੇ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਸੇ ਕਰਨਾ ਹੈ, ਜਿਸ ਲਈ ਹਰ ਵਰਕਰ ਜੀ ਜਾਨ ਨਾਲ ਕੰਮ ਕਰੇਗਾ।
ਮੈਂ ਖੁਦ ਛੱਡਿਆ ਸੀ ਅਕਾਲੀ ਦਲ: ਇਸ ਮੌਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਬਿਆਨ ਦੇਣਾ ਕਿ ਜੀਤ ਮਹਿੰਦਰ ਸਿੰਘ ਸਿੱਧੂ ਪਾਰਟੀ ਵੱਲੋਂ ਕੱਢੇ ਹੋਏ ਕੈਂਡੀਡੇਟ ਹਨ ਦਾ ਗੰਭੀਰ ਨੋਟਸ ਲੈਂਦਿਆਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਣਾ ਇੰਨਾ ਸੌਖਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਜੀਤ ਮਹਿੰਦਰ ਸਿੰਘ ਸਿੱਧੂ ਨੇ ਖੁਦ ਛੱਡਿਆ ਸੀ ਅਤੇ ਖੁਦ ਅਸਤੀਫ਼ਾ ਦਿੱਤਾ ਸੀ। ਉਹਨਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਹਿਲਾਂ ਇਹ ਕਲੀਅਰ ਕਰਨ ਕਿ ਕਿੱਥੋਂ ਚੋਣ ਲੜਨਗੇ ਕਿਉਂਕਿ ਪਹਿਲੀ ਲਿਸਟ ਵਿੱਚ ਨਾਮ ਨਾ ਆਉਣਾ ਖਤਰੇ ਦੀ ਘੰਟੀ ਹੈ।